ਕੈਨੇਡਾ ਨੂੰ ਚੀਨ ਤੇ ਭਾਰਤ ’ਤੇ ਸ਼ੱਕ

0
99

ਓਟਵਾ : ਕੈਨੇਡਾ ਦੀ ਖੁਫੀਆ ਏਜੰਸੀ ਨੇ ਕਿਹਾ ਹੈ ਕਿ ਚੀਨ ਅਤੇ ਭਾਰਤ 28 ਅਪਰੈਲ ਨੂੰ ਹੋਣ ਵਾਲੀਆਂ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਦੋਂ ਕਿ ਰੂਸ ਅਤੇ ਪਾਕਿਸਤਾਨ ਵੀ ਅਜਿਹਾ ਕਰਨ ਦੇ ਸਮਰੱਥ ਹਨ। ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ, ਜਦੋਂ ਕੈਨੇਡਾ ਦੇ ਭਾਰਤ ਤੇ ਚੀਨ ਦੋਵਾਂ ਨਾਲ ਸੰਬੰਧ ਠੀਕ ਹਨ। ਹਾਲਾਂਕਿ ਚੀਨ ਤੇ ਭਾਰਤ ਨੇ ਦਖਲਅੰਦਾਜ਼ੀ ਦੇ ਪਿਛਲੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਯਮੁਨਾ ਦੀ ਸਫਾਈ ਲਈ 500 ਕਰੋੜ
ਨਵੀਂ ਦਿੱਲੀ : ਮੁੱਖ ਮੰਤਰੀ ਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਦਿੱਲੀ ਦਾ ਵਿੱਤੀ ਸਾਲ 2025-26 ਲਈ ਇੱਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਪਿਛਲੇ ਸਾਲ ਨਾਲੋਂ 31.5 ਫੀਸਦੀ ਵੱਧ ਹੈ। ਬਜਟ ਵਿੱਚ ਯਮੁਨਾ ਨਦੀ ਦੀ ਸਫਾਈ ਲਈ 500 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਟਰੀਟਡ ਪਾਣੀ ਹੀ ਨਦੀ ਵਿੱਚ ਦਾਖਲ ਹੋਵੇਗਾ।
ਤਿੰਨ ਹੋਰ ਨਕਸਲੀ ਮਾਰੇ
ਦਾਂਤੇਵਾੜਾ : ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਮੰਗਲਵਾਰ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਤਿੰਨ ਨਕਸਲੀ ਮਾਰ ਦਿੱਤੇ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਾਂਤੇਵਾੜਾ ਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ’ਤੇ ਸੁਰੱਖਿਆ ਕਰਮਚਾਰੀਆਂ ਦੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਸੀ। ਇਸ ਦੌਰਾਨ ਸਵੇਰੇ 8 ਵਜੇ ਦੇ ਕਰੀਬ ਗੋਲੀਬਾਰੀ ਹੋਈ। ਮੌਕੇ ਤੋਂ ਤਿੰਨ ਨਕਸਲੀਆਂ ਦੀਆਂ ਲਾਸ਼ਾਂ, ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ। 20 ਮਾਰਚ ਨੂੰ ਸੁਰੱਖਿਆ ਬਲਾਂ ਨੇ ਬੀਜਾਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਵਿੱਚ ਦੋ ਮੁਕਾਬਲਿਆਂ ਵਿੱਚ 30 ਨਕਸਲੀਆਂ ਨੂੰ ਮਾਰ ਦਿੱਤਾ ਸੀ।
ਤਾਰਾ ਤੇ ਗੋਲਡੀ ਰੁਲਦਾ ਸਿੰਘ ਕਤਲ ਕੇਸ ’ਚੋਂ ਬਰੀ
ਪਟਿਆਲਾ : ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਨੇ ਆਰ ਐੱਸ ਐੱਸ ਦੇ ਆਗੂ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ। ਰੁਲਦਾ ਸਿੰਘ ਰਾਸ਼ਟਰੀ ਸਿੱਖ ਸੰਗਤ ਦਾ ਸੂਬਾਈ ਪ੍ਰਧਾਨ ਸੀ। ਉਸ ਦੀ 2009 ਵਿੱਚ ਪਟਿਆਲਾ ਦੀ ਅਨਾਜ ਮੰਡੀ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਸ਼ੁਰੂ ਵਿੱਚ ਫੜੇ ਗਏ ਪੰਜ ਜਣਿਆਂ ਨੂੰ ਪੁਲਸ ਨੇ ਖੁਦ ਹੀ ਦੋਸ਼ਮੁਕਤ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਮਾਮਲੇ ਵਿੱਚ ਪੰਜ ਹੋਰਨਾਂ ਨੂੰ ਗਿ੍ਰਫਤਾਰ ਕੀਤਾ ਗਿਆ, ਪਰ ਉਹ ਵੀ ਬਰੀ ਹੋ ਗਏ। ਤਾਰਾ ਅਤੇ ਗੋਲਡੀ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਸਨ, ਪਰ ਮੰਗਲਵਾਰ ਇਹ ਦੋਵੇਂ ਵੀ ਇਨ੍ਹਾਂ ਦੋਸ਼ਾਂ ਤੋਂ ਬਰੀ ਹੋ ਗਏ ਹਨ।
ਜਥੇਦਾਰਾਂ ਨੂੰ ਫਾਰਗ ਕਰਨ ਵਾਲੇ ਮਤੇ ਰੱਦ ਕਰਨ ਦੀ ਮੰਗ
ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਧਿਰ ਨਾਲ ਸੰਬੰਧਤ ਚਾਰ ਮੈਂਬਰਾਂ ਨੇ ਮੰਗਲਵਾਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਪੱਤਰ ਸੌਂਪ ਕੇ ਤਿੰਨੋਂ ਜਥੇਦਾਰਾਂ ਨੂੰ ਫਾਰਗ ਕਰਨ ਵਾਲੇ ਅੰਤਿ੍ਰੰਗ ਕਮੇਟੀ ਦੇ ਦੋਵੇਂ ਮਤੇ ਰੱਦ ਕਰਨ ਸੰਬੰਧੀ ਏਜੰਡਾ ਜਨਰਲ ਹਾਊਸ ਦੀ ਮੀਟਿੰਗ ਵਿੱਚ ਰੱਖਣ ਦੀ ਅਪੀਲ ਕੀਤੀ ਹੈ। ਪੱਤਰ ਦੇਣ ਵਾਲੇ 4 ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚ ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ ਅਤੇ ਅਮਰੀਕ ਸਿੰਘ ਸ਼ਾਹਪੁਰ ਸ਼ਾਮਲ ਸਨ। ਮੀਡੀਆ ਨਾਲ ਗੱਲ ਕਰਦਿਆਂ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਮੰਗ ਕੀਤੀ ਹੈ ਕਿ 28 ਮਾਰਚ ਨੂੰ ਬਜਟ ਸੰਬੰਧੀ ਹੋ ਰਹੇ ਜਨਰਲ ਅਜਲਾਸ ਵਿੱਚ ਤਿੰਨਾਂ ਜਥੇਦਾਰਾਂ ਨੂੰ ਫਾਰਗ ਕਰਨ ਵਾਲੇ ਅੰਤਿ੍ਰੰਗ ਕਮੇਟੀ ਦੇ ਮਤੇ ਰੱਦ ਕੀਤੇ ਜਾਣ।
ਅਲਾਹਾਬਾਦ ਹਾਈ ਕੋਰਟ ਦੇ ਵਕੀਲ ਹੜਤਾਲ ’ਤੇ
ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਮੰਗਲਵਾਰ ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੇ ਅਲਾਹਾਬਾਦ ਦੇ ਪ੍ਰਸਤਾਵਤ ਤਬਾਦਲੇ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਹਾਈ ਕੋਰਟ ਦੇ ਗੇਟ ਨੰਬਰ 3 ’ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਵਕੀਲਾਂ ਦੀ ਅਗਵਾਈ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਤਿਵਾੜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਵਿਰੋਧ ਕਿਸੇ ਅਦਾਲਤ ਜਾਂ ਜੱਜ ਦੇ ਵਿਰੁੱਧ ਨਹੀਂ, ਸਗੋਂ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ, ਜਿਨ੍ਹਾਂ ਨੇ ਨਿਆਂਇਕ ਪ੍ਰਣਾਲੀ ਨਾਲ ਵਿਸ਼ਵਾਸਘਾਤ ਕੀਤਾ ਹੈ।ਉਨ੍ਹਾ ਕਿਹਾ, ‘ਸਾਡੀ ਲੜਾਈ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਅਤੇ ਇਕ ਅਜਿਹੀ ਪ੍ਰਣਾਲੀ ਦੇ ਵਿਰੁੱਧ ਹੈ, ਜਿਸ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਫਿਲਹਾਲ ਸਾਡੀ ਮੰਗ ਮੁੜ ਵਿਚਾਰ ਅਤੇ ਤਬਾਦਲੇ ਦੇ ਆਦੇਸ਼ ਨੂੰ ਵਾਪਸ ਲੈਣ ਦੀ ਹੈ।’