ਨਵੀਂ ਦਿੱਲੀ : ਪਾਸਟਰ ਬਜਿੰਦਰ ਸਿੰਘ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਕੁੜੀ ਮੰਗਲਵਾਰ ਨੂੰ ਇੱਥੇ ਕੌਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਈ। ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਚਰਚ ਦੇ ਪਾਦਰੀ ਅਤੇ ਸਵੈ-ਘੋਸ਼ਿਤ ਈਸਾਈ ਪ੍ਰਚਾਰਕ ਬਜਿੰਦਰ ਸਿੰਘ (42) ’ਤੇ 22 ਸਾਲਾ ਕੁੜੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸ਼ਿਕਾਇਤ ਵਿੱਚ ਕੁੜੀ ਨੇ ਦੋਸ਼ ਲਾਇਆ ਹੈ ਕਿ ਬਜਿੰਦਰ ਸਿੰਘ ਉਸ ਨੂੰ ਟੈਕਸਟ ਸੁਨੇਹੇ ਭੇਜਦਾ ਸੀ ਅਤੇ ਕਥਿਤ ਤੌਰ ’ਤੇ ਐਤਵਾਰ ਨੂੰ ਚਰਚ ਦੇ ਇਕ ਕੈਬਿਨ ਵਿੱਚ ਉਸ ਨੂੰ ਇਕੱਲਾ ਬਿਠਾਉਂਦਾ ਸੀ, ਜਿਸ ਦੌਰਾਨ ਉਹ ਉਸਨੂੰ ਇਤਰਜ਼ਯੋਗ ਢੰਗ ਨਾਲ ਛੂੰਹਦਾ ਸੀ। ਪੁਲਸ ਨੇ ਪਾਦਰੀ ਵਿਰੁੱਧ ਜਿਨਸੀ ਸ਼ੋਸ਼ਣ, ਪਿੱਛਾ ਕਰਨ ਅਤੇ ਅਪਰਾਧਕ ਧਮਕੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਕੌਮੀ ਮਹਿਲਾ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਗਲਵਾਰ ਕਿਹਾ ਕਿ ਕੁੜੀ ਸੁਣਵਾਈ ਲਈ ਉਨ੍ਹਾ ਦੇ ਸਾਹਮਣੇ ਪੇਸ਼ ਹੋਈ। ਕਮਿਸ਼ਨ ਦੀ ਚੇਅਰਪਰਸਨ ਵਿਜਯ ਰਾਹਤਕਰ ਨੇ 7 ਮਾਰਚ ਨੂੰ ਕਿਹਾ ਸੀ ਕਿ ਪੈਨਲ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਸ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ।


