ਨਵੀਂ ਦਿੱਲੀ : ਪੰਜਾਬ ਵਿਚ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਚੂਕ ਫਿਰੋਜ਼ਪੁਰ ਦੇ ਵੇਲੇ ਦੇ ਐੱਸ ਐੱਸ ਪੀ ਹਰਮਨਦੀਪ ਹੰਸ ਵੱਲੋਂ ਸਹੀ ਕਦਮ ਨਾ ਚੁੱਕਣ ਕਰਕੇ ਹੋਈ। ਉਨ੍ਹਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਕੇਂਦਰ ਦੇ ਅਫਸਰਾਂ ਨਾਲ ਸਹਿਯੋਗ ਨਹੀਂ ਕੀਤਾ। ਐੱਸ ਐੱਸ ਪੀ ਨੂੰ ਪ੍ਰਧਾਨ ਮੰਤਰੀ ਦੇ ਸੜਕੀ ਮਾਰਗ ਤੋਂ ਜਾਣ ਬਾਰੇ ਦੋ ਘੰਟੇ ਪਹਿਲਾਂ ਸੂਚਨਾ ਦੇ ਦਿੱਤੀ ਗਈ ਸੀ। ਇਸ ਦੇ ਬਾਵਜੂਦ ਉਨ੍ਹਾ ਰੂਟ ਕਲੀਅਰ ਨਹੀਂ ਕਰਵਾਇਆ। ਇਹ ਗੱਲ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਜਸਟਿਸ ਇੰਦੂ ਮਲਹੋਤਰਾ ਕਮੇਟੀ ਦੀ ਰਿਪੋਰਟ ਵਿਚ ਕਹੀ ਗਈ ਹੈ। ਵੀਰਵਾਰ ਮਾਮਲੇ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਬਲ ਨੂੰ ਬਿਹਤਰ ਟਰੇਨਿੰਗ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੇ ਬਾਅਦ ਪੂਰਾ ਮਾਮਲਾ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਇਕ ਕਮੇਟੀ ਬਣਾਉਣ ਲਈ ਵੀ ਕਿਹਾ ਗਿਆ ਹੈ।
ਹੁਣ ਵੇਲੇ ਦੇ ਐੱਸ ਐੱਸ ਪੀ ਤੇ ਸੁਰੱਖਿਆ ਲਈ ਤਾਇਨਾਤ ਹੋਰ ਪੁਲਸ ਅਫਸਰਾਂ ’ਤੇ ਬਿੱਜ ਡਿੱਗ ਸਕਦੀ ਹੈ। ਉਨ੍ਹਾਂ ਤੋਂ ਨਵੀਂ ਕਮੇਟੀ ਪੁੱਛਗਿੱਛ ਕਰ ਸਕਦੀ ਹੈ। ਚੰਨੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਰੈਲੀ ਵਿਚ ਜਾਣਾ ਸੀ, ਪਰ ਕਿਸਾਨਾਂ ਨੇ ਹਾਈਵੇ ਬੰਦ ਕਰ ਦਿੱਤਾ। ਇਸ ਕਰਕੇ ਉਨ੍ਹਾ ਦਾ ਕਾਫਲਾ 20 ਮਿੰਟ ਪਾਕਿਸਤਾਨ ਸਰਹੱਦ ਨੇੜੇ ਨਾਜ਼ੁਕ ਇਲਾਕੇ ਵਿਚ ਫਸਿਆ ਰਿਹਾ ਸੀ। ਚੰਨੀ ਨੇ ਇਹ ਕਹਿ ਕੇ ਸੁਰੱਖਿਆ ਚੂਕ ਤੋਂ ਇਨਕਾਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਨੂੰ ਕੋਈ ਖਰੋਚ ਨਹੀਂ ਆਈ।