ਅਫਸਪਾ ਦੀ ਮਿਆਦ ’ਚ ਵਾਧਾ

0
124

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਨੂੰ ਮਨੀਪੁਰ ਦੇ 13 ਪੁਲਸ ਸਟੇਸ਼ਨ ਖੇਤਰਾਂ ਨੂੰ ਛੱਡ ਕੇ ਸਾਰੇ ਮਨੀਪੁਰ ਵਿੱਚ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ ਅਫਸਪਾ ਵਧਾਇਆ ਗਿਆ ਹੈ। ਇਹ ਕਾਨੂੰਨ ਹਿੰਸਾ ਵਾਲੇ ਖੇਤਰਾਂ ਵਿੱਚ ਹਥਿਆਰਬੰਦ ਬਲਾਂ ਨੂੰ ਲੋੜ ਪੈਣ ’ਤੇ ਤਲਾਸ਼ੀ ਲੈਣ, ਗਿ੍ਰਫਤਾਰ ਕਰਨ ਅਤੇ ਗੋਲੀਬਾਰੀ ਕਰਨ ਦੀਆਂ ਵਿਆਪਕ ਸ਼ਕਤੀਆਂ ਦਿੰਦਾ ਹੈ।
65 ਰੂਸੀ ਡਰੋਨ ਤਬਾਹ ਕਰਨ ਦਾ ਦਾਅਵਾ
ਕੀਵ : ਯੂਕਰੇਨ ਦੀ ਹਵਾਈ ਫੌਜ ਨੇ ਰੂਸ ਵੱਲੋਂ ਸ਼ਨਿੱਚਰਵਾਰ ਰਾਤ ਵੇਲੇ ਦਾਗੇ 111 ਵਿੱਚੋਂ 65 ਡਰੋਨ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਰੂਸ ਤੇ ਅਮਰੀਕਾ ਦਰਮਿਆਨ ਯੂਕਰੇਨ ਜੰਗ ਰੋਕਣ ਲਈ ਗੱਲਬਾਤ ਹੋਈ ਸੀ, ਜਿਸ ’ਚ 30 ਦਿਨਾਂ ਦੀ ਜੰਗਬੰਦੀ ਦੇ ਅਮਰੀਕੀ ਪ੍ਰਸਤਾਵ ਦੇ ਵੇਰਵਿਆਂ ਬਾਰੇ ਚਰਚਾ ਕੀਤੀ ਗਈ ਸੀ, ਪਰ ਇਸ ਤੋਂ ਬਾਅਦ ਵੀ ਡਰੋਨ ਹਮਲੇ ਜਾਰੀ ਹਨ।
ਪੂਤਿਨ ਦੇ ਕਾਫਲੇ ਦੀ ਕਾਰ ’ਚ ਧਮਾਕਾ
ਮਾਸਕੋ : ਇੱਥੇ ਖੁਫੀਆ ਏਜੰਸੀ ਐੱਫ ਐੱਸ ਬੀ ਦੇ ਮੁੱਖ ਦਫਤਰ ਕੋਲ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਾਫਲੇ ਦੀ ਲਿਮੋਜ਼ਿਨ ਕਾਰ ਵਿੱਚ ਧਮਾਕਾ ਹੋ ਗਿਆ। ਕਾਰ ਦੇ ਇੰਜਣ ਨੂੰ ਅੱਗ ਲੱਗ ਗਈ, ਜੋ ਅੰਦਰ ਤਕ ਫੈਲ ਗਈ। ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਮਹਿਜ਼ ਹਾਦਸਾ ਸੀ ਜਾਂ ਸਾਜ਼ਿਸ਼। ਇਸ ਤੋਂ ਬਾਅਦ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਪੂਤਿਨ ਦੀ ਜਲਦੀ ਹੀ ਮੌਤ ਹੋ ਜਾਵੇਗੀ।