ਦੁਬਈ : ਈਰਾਨ ਦੇ ਰਾਸ਼ਟਰਪਤੀ ਨੇ ਐਤਵਾਰ ਕਿਹਾ ਕਿ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿੱਧੀ ਗੱਲਬਾਤ ਲਈ ਈਰਾਨ ਨੂੰ ਪੱਤਰ ਲਿਖਿਆ ਸੀ।ਰਾਸ਼ਟਰਪਤੀ ਮਸੂਦ ਪੇਜ਼ੈਸ਼ਕੀਅਨ ਦੀ ਟਿੱਪਣੀ ਤੋਂ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਸਪੱਸ਼ਟ ਹੋਇਆ ਹੈ ਕਿ ਈਰਾਨ ਨੇ ਟਰੰਪ ਦੇ ਪੱਤਰ ’ਤੇ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਹੈ। ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਸਕਦਾ ਹੈ। ਪੇਜ਼ੈਸ਼ਕੀਅਨ ਨੇ ਕਿਹਾ ਕਿ ਹਾਲਾਂਕਿ ਇਸ (ਟਰੰਪ ਦੇ ਪੱਤਰ ’ਤੇ) ਪ੍ਰਤੀਕਿਰਿਆ ’ਚ ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਦੀ ਸੰਭਾਵਨਾ ਨੂੰ ਖਾਰਜ ਕੀਤਾ ਗਿਆ ਹੈ ਪਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਅਸਿੱਧੇ ਤੌਰ ’ਤੇ ਗੱਲਬਾਤ ਦਾ ਰਾਹ ਖੁੱਲ੍ਹ ਸਕਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਟਰੰਪ ਅਸਿੱਧੇ ਗੱਲਬਾਤ ਨੂੰ ਸਵੀਕਾਰ ਕਰਨਗੇ।
ਮੋਦੀ ਵੱਲੋਂ ਸੰਘ ਦੇ ਹੈੱਡਕੁਆਰਟਰ ਦਾ ਦੌਰਾ
ਨਾਗਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨਾਗਪੁਰ ਦੇ ਹੈਡਗੇਵਾਰ ਸਮਿ੍ਰਤੀ ਮੰਦਰ ਦਾ ਦੌਰਾ ਕਰਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਬਾਨੀ ਡਾ. ਕੇਸ਼ਵ ਬਲੀਰਾਮ ਹੈਡਗੇਵਾਰ ਅਤੇ ਦੂਜੇ ਸਰਸੰਘਚਾਲਕ (ਮੁਖੀ) ਐੱਮ ਐੱਸ ਗੋਲਵਾਲਕਰ ਨੂੰ ਸਮਰਪਤ ਸਮਾਰਕਾਂ ’ਤੇ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾ ਕਿਹਾ ਕਿ ਡਾ. ਹੈਡਗੇਵਾਰ ਨੇ ਦੇਸ਼ ਦੀ ਆਜ਼ਾਦੀ ’ਚ ਵੀ ਅਹਿਮ ਯੋਗਦਾਨ ਪਾਇਆ ਸੀ। ਅੱਜ ਵੀ ਹਜ਼ਾਰਾਂ ਨੌਜਵਾਨ ਉਨ੍ਹਾ ਵੱਲੋਂ ਦਿਖਾਏ ਗਏ ਮਾਰਗ ’ਤੇ ਚੱਲ ਰਹੇ ਹਨ। ਮੋਦੀ ਨੇ ਸੰਘ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਇੱਥੇ ਆਏ ਹਨ। ਮੋਦੀ ਨੇ ਛੱਤੀਸਗੜ੍ਹ ’ਚ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਮੋਹਭੱਟਾ ’ਚ ਇੱਕ ਸਮਾਗਮ ਦੌਰਾਨ ਵੱਖ-ਵੱਖ ਸੈਕਟਰਾਂ ਨਾਲ ਸੰਬੰਧਤ 33,700 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਕੀਤੇ।




