ਪਟਨਾ : ਬਿਹਾਰ ਦੇ ਪੇਂਡੂ ਵਿਕਾਸ ਵਿਭਾਗ ’ਚ ਤਾਇਨਾਤ ਕਾਰਜਕਾਰੀ ਇੰਜੀਨੀਅਰ ਦੇ ਘਰੋਂ ਕਰੋੜਾਂ ਰੁਪਏ ਦੀ ਨਗਦੀ ਬਰਾਮਦ ਹੋਈ ਹੈ। ਵਿਜੀਲੈਂਸ ਟੀਮ ਨੇ ਸ਼ਨੀਵਾਰ ਨੂੰ ਕਿਸ਼ਨਗੰਜ ਅਤੇ ਪਟਨਾ ’ਚ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਉਸ ਦੇ ਘਰੋਂ ਕਰੀਬ 5 ਕਰੋੜ ਰੁਪਏ ਤੋਂ ਵੱਧ ਦੀ ਨਗਦੀ ਬਰਾਮਦ ਹੋਈ। ਇਸ ਤੋਂ ਇਲਾਵਾ ਗਹਿਣੇ ਅਤੇ ਹੋਰ ਕੀਮਤੀ ਸਮਾਨ ਵੀ ਭਾਰੀ ਮਾਤਰਾ ’ਚ ਮਿਲਣ ਦੀ ਸੰਭਾਵਨਾ ਹੈ। ਵਿਜੀਲੈਂਸ ਟੀਮ ਨੇ ਇੰਜੀਨੀਅਰ ਸੰਜੇ ਰਾਏ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਸ਼ਨੀਵਾ ਪਟਨਾ ਦੇ ਕਿਸ਼ਨਗੰਜ ਅਤੇ ਦਾਨਾਪੁਰ ਸਥਿਤ ਉਸ ਦੇ ਦੋ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਸੰਜੇ ਰਾਏ ਕਿਸ਼ਨਗੰਜ ਡਵੀਜ਼ਨ ’ਚ ਤਾਇਨਾਤ ਹੈ। ਏਨੀ ਵੱਡੀ ਮਾਤਰਾ ’ਚ ਨੋਟਾਂ ਨੂੰ ਦੇਖ ਕੇ ਇੱਕ ਵਾਰ ਨਿਗਰਾਨ ਟੀਮ ਵੀ ਹੈਰਾਨ ਰਹਿ ਗਈ। ਬਰਾਮਦ ਕੀਤੀ ਗਈ ਰਕਮ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ, ਨੋਟਾਂ ਦੀ ਪੂਰੀ ਗਿਣਤੀ ਤੋਂ ਬਾਅਦ ਹੀ ਸਹੀ ਰਕਮ ਦਾ ਪਤਾ ਲੱਗੇਗਾ। ਇਸ ਦੇ ਨਾਲ ਹੀ ਇੰਜੀਨੀਅਰ ਦੇ ਇੱਕ ਕੈਸ਼ੀਅਰ ਦੇ ਘਰ ਵੀ ਛਾਪੇਮਾਰੀ ਦੀ ਖ਼ਬਰ ਹੈ।