ਕਾਂਗਰਸ ਦੀ ਹਾਲਤ ਏਨੀ ਬੁਰੀ ਹੋ ਚੁੱਕੀ ਕਿ ਵਾਪਸੀ ਮੁਮਕਿਨ ਨਹੀਂ : ਕੈਪਟਨ

0
289

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਲਤ ਏਨੀ ਬੁਰੀ ਹੋ ਚੁੱਕੀ ਹੈ ਕਿ ਵਾਪਸੀ ਮੁਮਕਿਨ ਨਹੀਂ ਲੱਗਦੀ। ਕੈਪਟਨ ਨੇ ਕਿਹਾ ਕਿ ਪਾਰਟੀ ਕਈ ਲੋਕਾਂ ਦੇ ਖੂਨ-ਪਸੀਨੇ ਅਤੇ ਮਿਹਨਤ ਨਾਲ ਬਣੀ ਹੈ। ਇਸ ’ਤੇ ਇਕੱਲੇ ਕਿਸੇ ਇੱਕ ਆਦਮੀ ਦਾ ਰਾਜ ਨਹੀਂ ਹੋ ਸਕਦਾ। ਉਨ੍ਹਾ ਕਿਹਾ ਕਿ ਜਦ ਕਾਂਗਰਸੀ ਗੁਲਾਮ ਨਬੀ ਆਜ਼ਾਦ ਵਰਗਿਆਂ ਨੂੰ ਪਾਰਟੀ ’ਚ ਨਹੀਂ ਰੱਖ ਸਕਦੇ, ਜਿਨ੍ਹਾ ਪੂਰੀ ਜ਼ਿੰਦਗੀ ਪਾਰਟੀ ਦੇ ਨਾਲ ਬਿਤਾਈ, ਇਸ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਕਾਂਗਰਸ ’ਚ ਕੰਮਕਾਜ ਅਤੇ ਸੀਨੀਅਰ ਨੇਤਾਵਾਂ ਨਾਲ ਪੇਸ਼ ਆਉਣ ਦਾ ਤਰੀਕਾ ਕਿੰਨਾ ਗਲਤ ਹੋ ਸਕਦਾ ਹੈ। ਪਾਰਟੀ ਨੇ ਆਜ਼ਾਦ ਨੂੰ ਬਹੁਤ ਕੁਝ ਦਿੱਤਾ, ਪਰ ਉਨ੍ਹਾ ਵੀ ਪਾਰਟੀ ਲਈ ਬਹੁਤ ਕੁਝ ਕੀਤਾ। ਕੈਪਟਨ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ’ਤੇ ਬੇਬੁਨਿਆਦ ਦੋਸ਼ ਲਾਉਣ ਦੀ ਬਜਾਏ ਆਤਮ ਮੰਥਨ ਕਰਨਾ ਚਾਹੀਦਾ ਹੈ। ਇਹ ਸੋਚਣਾ ਚਾਹੀਦਾ ਕਿ ਪਾਰਟੀ ਇਸ ਤਰ੍ਹਾਂ ਦੀ ਹਾਲਤ ਕਿਉਂ ਹੋ ਰਹੀ ਹੈ। ਉਨ੍ਹਾ ਦਿਖਾਵੇ ਦੇ ਵਫ਼ਾਦਾਰ ਬਣਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਇਹ ਨਸੀਹਤ ਦਿੱਤੀ। ਉਨ੍ਹਾ ਆਜ਼ਾਦ ਦੇ ਕਾਂਗਰਸ ਛੱਡਣ ਦੇ ਫੈਸਲੇ ਨੂੰ ਦਲੇਰੀ ਭਰਿਆ ਕਰਾਰ ਦਿੱਤਾ। ਕੈਪਟਨ ਨੇ ਕਿਹਾ ਕਿ ਇੱਕ ਇਮਾਨਦਾਰ ਨੇਤਾ ਸਿਧਾਂਤਾਂ ਅਤੇ ਆਤਮ ਸਨਮਾਨ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ। ਇਹ ਕੁਝ ਖਾਸ ਸਵਾਰਥ ਵਾਲੇ ਲੋਕਾਂ ਦਾ ਗਰੁੱਪ ਹੈ, ਜਿਸ ਨੇ ਪਾਰਟੀ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਮੇਂ-ਸਮੇਂ ’ਤੇ ਪਾਰਟੀ ਖਿਲਾਫ਼ ਕਈ ਤੂਫ਼ਾਨਾਂ ਦਾ ਸਾਹਮਣਾ ਕਰਨ ਅਤੇ ਪਾਰਟੀ ਦੇ ਨਾਲ ਖੜੇ ਰਹੇ ਨੇਤਾਵਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here