ਨਵੀਂ ਦਿੱਲੀ : ਰਾਜਧਾਨੀ ਦਿੱਲੀ ਦਾ ਸਿਆਸੀ ਪਾਰਾ ਇਸ ਸਮੇਂ ਹਾਈ ਹੈ। ਕਾਰਨ ਨਵੀਂ ਸ਼ਰਾਬ ਨੀਤੀ। ਇਸ ਨੀਤੀ ਨੂੰ ਲੈ ਕੇ ਸਿਆਸੀ ਦਲਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਖਾਸ ਤੌਰ ’ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਇੱਕ-ਦੂਜੇ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਇਸੇ ਕੜੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਟਵੀਟ ਜ਼ਰੀਏ ਇੱਕ ਵਾਰ ਫਿਰ ਭਾਜਪਾ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾ ਟਵੀਟ ’ਤੇ ਲਿਖਿਆ ਕਿ ਭਾਜਪਾ ਜਨਤਾ ’ਤੇ ਬੋਝ ਪਾ ਕੇ ਵਿਧਾਇਕ ਖਰੀਦ ਰਹੀ ਹੈ। ਜਨਤਾ ਦਾ ਪੈਸਾ ਜੋ ਜੀ ਐੱਸ ਟੀ ਦੇ ਰੂਪ ’ਚ ਵਸੂਲਿਆ ਜਾ ਰਿਹਾ ਹੈ, ਉਸ ਦਾ ਇਸਤੇਮਾਲ ਦੇਸ਼ ਭਰ ’ਚ ਵਿਧਾਇਕਾਂ ਨੂੰ ਖਰੀਦਣ ਵਿੱਚ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਸ਼ਨੀਵਾਰ ਨੂੰ ਟਵੀਟ ’ਤੇ ਲਿਖਿਆ-ਦਹੀਂ, ਲੱਸੀ, ਸ਼ਹਿਦ, ਚੌਲ ਆਦਿ ’ਤੇ ਜੋ ਜੀ ਐੱਸ ਟੀ ਲਾਇਆ ਗਿਆ, ਉਸ ਨਾਲ ਕੇਂਦਰ ਸਰਕਾਰ ਨੂੰ 7500 ਕਰੋੜ ਸਾਲਾਨਾ ਆਵੇਗਾ। ਸਰਕਾਰਾਂ ਡੇਗਣ ’ਤੇ ਹਾਲੇ ਤੱਕ ਇਨ੍ਹਾਂ 6300 ਕਰੋੜ ਖਰਚ ਕੀਤੇ। ਜੇਕਰ ਇਹ ਸਰਕਾਰਾਂ ਨਾ ਡੇਗਣ ਤਾਂ ਕਣਕ, ਚੌਲ, ਦਹੀਂ ਆਦਿ ’ਤੇ ਜੀ ਐੱਸ ਟੀ ਨਾ ਲਾਉਣਾ ਪੈਂਦਾ। ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਨਾ ਕਰਨਾ ਪੈਂਦਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਦਿੱਲੀ ਦੀ ਸਰਕਾਰ ਡੇਗਣ ਲਈ ਭਾਜਪਾ ਨੇ 40 ਵਿਧਾਇਕਾਂ ਨੂੰ ਖਰੀਦਣ ਦਾ ਆਫ਼ਰ ਦਿੱਤਾ। ਹਰ ਵਿਧਾਇਕ ਨੂੰ 20-20 ਕਰੋੜ ਰੁਪਏ ਦਾ ਆਫ਼ਰ ਦਿੱਤਾ ਗਿਆ। ਇਸ ਹਿਸਾਬ ਨਾਲ 800 ਕਰੋੜ ਰੁਪਏ ਭਾਜਪਾ ਕੋਲ ਪਏ ਹਨ, ਇਹ ਪੈਸਾ ਕਿੱਥੋਂ ਆਇਆ? ਉਨ੍ਹਾ ਕਿਹਾ ਇਹੀ ਨਹੀਂ ਦੇਸ਼ ਭਰ ’ਚ ਹੁਣ ਤੱਕ ਭਾਜਪਾ 277 ਵਿਧਾਇਕਾਂ ਨੂੰ ਖਰੀਦ ਚੁੱਕੀ ਹੈ, ਜਿਸ ’ਤੇ ਪਾਰਟੀ ਨੇ 6300 ਕਰੋੜ ਰੁਪਏ ਖਰਚ ਕੀਤੇ ਹਨ। ਇਹ ਪੈਸਾ ਜ਼ਬਰਦਸਤੀ ਜੀ ਐੱਸ ਟੀ ਲਾ ਕੇ ਜਨਤਾ ਤੋਂ ਵਸੂਲਿਆ ਗਿਆ।





