ਹਾਕਮਾਂ ਨੂੰ ਜੰਤਰ-ਮੰਤਰ ਫੋਬੀਆ

0
2

ਨਵੀਂ ਦਿਲੀ (ਨਵਾਂ ਜ਼ਮਾਨਾ ਸਰਵਿਸ) ਬੁ¾ਧਵਾਰ ਸ਼ਾਂਗਰੀ-ਲਾ ਹੋਟਲ ਦੇ ਨੇੜੇ ਗੋਲ ਚੱਕਰ ’ਤੇ ਧਰਨਾ ਦੇਣ ਮੌਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਉਨ੍ਹਾ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਤੇ ਇੰਡੀਆ ਬਲਾਕ ਦੇ ਕਈ ਸਾਂਸਦਾਂ ਨੂੰ ਪੁਲਸ ਨੇ ਜ਼ਬਰਦਸਤੀ ਹਟਾ ਕੇ ਹਿਰਾਸਤ ਵਿੱਚ ਲੈ ਲਿਆ| ਰਾਹੁਲ ਗਾਂਧੀ ਅਤੇ ਹੋਰ ਸੰਸਦ ਮੈਂਬਰ ਅਤੇ ਨੇਤਾ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ-ਮੰਤਰ ਪ੍ਰਦਰਸ਼ਨ ਵਾਲੀ ਥਾਂ ਵੱਲ ਜਾ ਰਹੇ ਸਨ| ਉਨ੍ਹਾਂ ਨੇ ਗੋਲ ਚੱਕਰ ’ਤੇ ਹੀ ਧਰਨਾ ਦਿੱਤਾ, ਜਿਸ ਵਿੱਚ ਪ੍ਰਿਅੰਕਾ ਗਾਂਧੀ ਸੰਵਿਧਾਨ ਦੀ ਇੱਕ ਕਾਪੀ ਹੱਥ ਵਿੱਚ ਫੜ ਕੇ ਹੋਰ ਮਹਿਲਾ ਨੇਤਾਵਾਂ ਨਾਲ ਸੜਕ ’ਤੇ ਲੇਟ ਗਈ| ਸੁਰੱਖਿਆ ਕਰਮੀ ਮੌਕੇ ’ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਪਹਿਲਾਂ ਰਾਹੁਲ ਗਾਂਧੀ ਨੂੰ ਜ਼ਬਰਦਸਤੀ ਹਟਾਇਆ ਅਤੇ ਆਪਣੇ ਮੋਢਿਆਂ ’ਤੇ ਚੁੱਕ ਕੇ ਪੁਲਸ ਬੱਸ ਦੇ ਅੰਦਰ ਬਿਠਾ ਦਿੱਤਾ| ਕਾਂਗਰਸ ਦੇ ਕੁਝ ਨੇਤਾਵਾਂ, ਜਿਨ੍ਹਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਦੈ ਭਾਨੂ ਚਿੱਬ ਸ਼ਾਮਲ ਹਨ, ਰਾਹੁਲ ਗਾਂਧੀ ਨੂੰ ਲੈ ਕੇ ਜਾ ਰਹੀ ਬੱਸ ਦੀ ਛੱਤ ’ਤੇ ਚੜ੍ਹ ਗਏ, ਜਦੋਂ ਕਿ ਮੁਮਤਾਜ਼ ਪੈਟਲ ਬੋਨਟ ’ਤੇ ਬੈਠ ਗਏ| ਇਸ ਤੋਂ ਬਾਅਦ ਮਹਿਲਾ ਪੁਲਸ ਕਰਮਚਾਰੀਆਂ ਦੀ ਇੱਕ ਵੱਡੀ ਟੁਕੜੀ ਨੇ ਪ੍ਰਿਅੰਕਾ ਗਾਂਧੀ ਅਤੇ ਹੋਰ ਔਰਤਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ, ਜੋ ਸੜਕ ’ਤੇ ਲੇਟੀਆਂ ਹੋਈਆਂ ਸਨ| ਉਨ੍ਹਾਂ ਨੂੰ ਜ਼ਬਰਦਸਤੀ ਹਟਾਇਆ ਗਿਆ ਅਤੇ ਬੱਸਾਂ ਵਿੱਚ ਬਿਠਾਇਆ ਗਿਆ ਅਤੇ ਮੌਕੇ ਤੋਂ ਦੂਰ ਲੈ ਜਾਇਆ ਗਿਆ| ਸੀ ਪੀ ਆਈ ਸਾਂਸਦਾਂ ਸਣੇ ਕਈ ਹੋਰ ਵਿਰੋਧੀ ਸੰਸਦ ਮੈਂਬਰਾਂ ਨੂੰ ਵੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ| ਦਿੱਲੀ ਪੁਲਸ ਨਾਲ ਹੋਈ ਤਿੱਖੀ ਝੜਪ, ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਅਤੇ ਕਈ ਪ੍ਰਦਰਸ਼ਨਕਾਰੀਆਂ ’ਤੇ ਐੱਫ ਆਈ ਆਰ ਦਰਜ ਹੋਣ ਤੋਂ ਇੱਕ ਦਿਨ ਬਾਅਦ ‘ਇੰਡੀਆ’ ਗੱਠਜੋੜ ਨੇ ‘ਵੋਟ ਚੋਰੀ’ ਖਿਲਾਫ ਆਪਣੀ ਲੜਾਈ ਨੂੰ ਜੰਤਰ-ਮੰਤਰ ਲਿਜਾਣ ਦਾ ਫੈਸਲਾ ਕੀਤਾ| ਇਹ ਫੈਸਲਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਨਪਥ ਸਥਿਤ ‘ਸਾਗਰ ਰਤਨਾ’ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ’ਤੇ ਹੋਈ ਬੈਠਕ ਤੋਂ ਬਾਅਦ ਲਿਆ ਗਿਆ, ਜਿੱਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਗਲੀ ਰਣਨੀਤੀ ਬਣਾਉਣ ਲਈ ਆਗੂਆਂ ਦੀ ਮੇਜ਼ਬਾਨੀ ਕੀਤੀ| ਇਸ ਤੋਂ ਬਾਅਦ ਸੰਸਦ ਮੈਂਬਰ ਰੈਸਟੋਰੈਂਟ ਤੋਂ ਇੱਕ ਕਿ¾ਲੋਮੀਟਰ ਦੂਰ ਸਥਿਤ ਜੰਤਰ-ਮੰਤਰ ਲਈ ਬੱਸਾਂ ਵਿੱਚ ਸਵਾਰ ਹੋ ਕੇ ਰਵਾਨਾ ਹੋਏ, ਤਾਂ ਜੋ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਿਆ ਜਾ ਸਕੇ| ਖਾਣੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਲਗਭਗ 300 ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ| ਇਸ ਲਈ ਵਿਰੋਧੀ ਧਿਰ ਜੰਤਰ-ਮੰਤਰ ਜਾ ਕੇ ਇਕੱਠੇ ਬੈਠੇਗੀ| ਐੱਫ ਆਈ ਆਰ ਬਾਰੇ ਪੁੱਛੇ ਜਾਣ ’ਤੇ ਰਾਹੁਲ ਨੇ ਕਿਹਾ ਕਿ ਉਨ੍ਹਾ ’ਤੇ ਪਹਿਲਾਂ ਹੀ 45 ਐੱਫ ਆਈ ਆਰ ਦਰਜ ਹਨ ਅਤੇ ਉਹ ਚਾਹੁੰਦੇ ਹਨ ਕਿ ਇਹ ਗਿਣਤੀ 100 ਤੱਕ ਪਹੁੰਚ ਜਾਵੇ| ਉਨ੍ਹਾ ਹਰੇਕ ਐੱਫ ਆਈ ਆਰ ਨੂੰ ਆਪਣੇ ਲਈ ਇੱਕ ‘ਮੈਡਲ’ ਕਰਾਰ ਦਿੱਤਾ| ਕਾਂਗਰਸ ਦੇ ਜਨਰਲ ਸਕ¾ਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਦੋਂ ਕੋਈ ਅਨਿਆਂ ਨੂੰ ਉਜਾਗਰ ਕਰਨ ਲਈ ਸੱਤਿਆਗ੍ਰਹਿ ਦਾ ਤਰੀਕਾ ਅਪਣਾਉਂਦਾ ਹੈ, ਤਾਂ ਦਿੱਲੀ ਪੁਲਸ ਉਸ ਅਤੇ ਹੋਰ ਨੇਤਾਵਾਂ ਵਿਰੁੱਧ ਐੱਫ ਆਈ ਆਰ ਦਰਜ ਕਰਦੀ ਹੈ| ਇਹ ਸ਼ੈਤਾਨੀ ਜੋੜੀ (ਮੋਦੀ-ਸ਼ਾਹ) ਘਬਰਾ ਗਈ ਹੈ ਅਤੇ ਹਤਾਸ਼ ਹੈ| ਕੰਧ ’ਤੇ ਲਿਖਿਆ ਸਾਫ ਹੈ|