ਸੰਗਰੂਰ/ਧੂਰੀ (ਪ੍ਰਵੀਨ, ਬਿੰਨੀ ਗਰਗ, ਮਨੋਹਰ ਸ¾ਗੂ) : ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸੀ ਬੀ ਆਈ ਵੱਲੋਂ ਆਪਣੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਛਾਪੇਮਾਰੀ ਤੋਂ ਇੱਕ ਦਿਨ ਬਾਅਦ ਬੁੱਧਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀਆਂ ’ਤੇ ਛਾਪੇਮਾਰੀ ਕਰਵਾਉਣਾ ਭਾਜਪਾ ਦੇ ‘ਕੰਮ ਕਰਨ ਦਾ ਤਰੀਕਾ’ ਹੈ| ਉਨ੍ਹਾ ਦਾਅਵਾ ਕੀਤਾ ਕਿ 7-8 ਘੰਟੇ ਚੱਲੀ ਇਸ ਤਲਾਸ਼ੀ ਦੌਰਾਨ ਕੇਂਦਰੀ ਏਜੰਸੀ ਨੂੰ ਕੁਝ ਵੀ ਇਤਰਾਜ਼ਯੋਗ ਜਾਂ ਸ਼ੱਕੀ ਨਹੀਂ ਮਿਲਿਆ ਹੈ| ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਸੀ ਬੀ ਆਈ ਨੇ ਮੰਗਲਵਾਰ ਘੁੰਮਣ ਅਤੇ ਹੋਰ ਅਧਿਕਾਰੀਆਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ| ਇਸ ਤੋਂ ਬਾਅਦ ਏਜੰਸੀ ਨੇ ਮੁੱਖ ਮੰਤਰੀ ਦੇ ‘ਕੈਂਪ ਦਫਤਰ’ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ| ਹਾਈ ਕੋਰਟ ਨੇ ਕੇਂਦਰੀ ਏਜੰਸੀ ਨੂੰ ਜਾਂਚ ਦੇ ਨਿਰਦੇਸ਼ ਦਿੰਦਿਆਂ ਨੋਟ ਕੀਤਾ ਸੀ ਕਿ ਈ ਡੀ ਵੱਲੋਂ ਸਾਂਝੀ ਕੀਤੀ ਗਈ ਸਮੱਗਰੀ ਪਹਿਲੀ ਨਜ਼ਰੇ ਅਧਿਕਾਰੀਆਂ ਦੀ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਵੱਲ ਇਸ਼ਾਰਾ ਕਰਦੀ ਹੈ| ਪਿੰਡ ਬਰੜ੍ਹਵਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਦੋਸ਼ ਲਾਇਆ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਭਾਜਪਾ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਲੱਗ ਜਾਂਦੀ ਹੈ| ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ, ਉਨ੍ਹਾਂ ਦੇ ਸਾਥੀਆਂ ਜਾਂ ਪਰਵਾਰਕ ਮੈਂਬਰਾਂ ’ਤੇ ਛਾਪੇਮਾਰੀ ਕਰਵਾ ਕੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਭਾਜਪਾ ਦਾ ਪੁਰਾਣਾ ਹਥਿਆਰ ਹੈ| ਮਾਨ ਨੇ ਪਿਛਲੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ, ‘‘ਝਾਰਖੰਡ ਵਿੱਚ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੇਮੰਤ ਸੋਰੇਨ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਸੀ| ਇਸੇ ਤਰ੍ਹਾਂ ਪੱਛਮੀ ਬੰਗਾਲ ’ਚ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਨਜ਼ਦੀਕੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ|’’ ਉਨ੍ਹਾ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਅਤੇ ਹਰਿਆਣਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂਆਂ ’ਤੇ ਈ ਡੀ ਦੇ ਛਾਪਿਆਂ ਦਾ ਜ਼ਿਕਰ ਕਰਦਿਆਂ ਇਸ ਨੂੰ ਸੱਤਾ ਦੀ ਦੁਰਵਰਤੋਂ ਕਰਾਰ ਦਿੱਤਾ|
ਮੁੱਖ ਮੰਤਰੀ ਨੇ ਕਿਹਾ, ‘‘ਕੱਲ੍ਹ ਦੀ ਛਾਪੇਮਾਰੀ ਤੋਂ ਸਾਫ ਪਤਾ ਲੱਗਦਾ ਹੈ ਕਿ ਭਾਜਪਾ ਬੁਖਲਾ ਗਈ ਹੈ| 7-8 ਘੰਟੇ ਚੱਲੀ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ| ਸਾਡੇ ਕੋਲੋਂ ਉਨ੍ਹਾਂ ਨੂੰ ਕੀ ਮਿਲੇਗਾ? ਅਸੀਂ ਇੱਥੇ ਭ੍ਰਿਸ਼ਟਾਚਾਰ ਕਰਨ ਨਹੀਂ ਆਏ|’’ ਉਨ੍ਹਾ ਚੁਟਕੀ ਲੈਂਦਿਆਂ ਕਿਹਾ ਕਿ ਹੋ ਸਕਦਾ ਹੈ ਹੁਣ ਸੀ ਬੀ ਆਈ ਉਨ੍ਹਾਂ ਨੂੰ ਕਲੀਨ ਚਿੱਟ ਦੇ ਦੇਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹੇ ਕਿ ‘ਇੱਥੋਂ ਕੁਝ ਨਹੀਂ ਮਿਲਣਾ, ਸਾਡਾ ਸਮਾਂ ਬਰਬਾਦ ਨਾ ਕਰੋ|’ ਮਾਨ ਨੇ ਕਿਹਾ, ‘‘ਸਾਡੇ ‘ਲੋਕ ਮਿਲਣੀ’ ਪ੍ਰੋਗਰਾਮਾਂ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਪੁੱਜਦੇ ਹਨ, ਜਦਕਿ ਭਾਜਪਾ ਦੀ ‘ਨਸ਼ਾ ਵਿਰੋਧੀ ਯਾਤਰਾ’ ਸੁਪਰ ਫਲਾਪ ਸਾਬਤ ਹੋਈ ਹੈ|’’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਸੰਬਰ 2029 ਤੱਕ ਨਸ਼ਾ ਖਤਮ ਕਰਨ ਦੇ ਕੀਤੇ ਦਾਅਵੇ ’ਤੇ ਮਾਨ ਨੇ ਦੋਸ਼ ਲਾਇਆ ਕਿ ਨਸ਼ਾ ਗੁਜਰਾਤ ਤੋਂ ਰਾਜਸਥਾਨ ਦੇ ਰਸਤੇ ਪੰਜਾਬ ਆਉਂਦਾ ਹੈ ਅਤੇ ਇਹ ਦੋਵੇਂ ਰਾਜ ਭਾਜਪਾ ਸ਼ਾਸਤ ਹਨ| ਦਿੱਲੀ ਅਤੇ ਗੁਜਰਾਤ ਵਿੱਚ ਨਸ਼ਾ ਖਤਮ ਕਰਨਾ ਚਾਹੀਦਾ ਹੈ| ਸਰਹੱਦ ’ਤੇ ਬੀ ਐੱਸ ਐੱਫ ਤਾਇਨਾਤ ਹੈ, ਜੋ ਅਮਿਤ ਸ਼ਾਹ ਦੇ ਅਧੀਨ ਆਉਂਦੀ ਹੈ| ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਕੇਂਦਰ ਦੀਆਂ ਏਜੰਸੀਆਂ ਰਾਹੀਂ ਕੀਤੀ ਜਾ ਰਹੀ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ| ਉਨ੍ਹਾ ਕਿਹਾ, ‘‘ਕੀ ਅਸੀਂ ਇੱਥੇ ਬਦਲੀਆਂ ਦੇ ਪੈਸੇ ਲੈਣ ਆਏ ਹਾਂ? ਇਹ ਸਾਡੇ ’ਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ| ਉਨ੍ਹਾਂ ਨੂੰ ਕੁਝ ਨਹੀਂ ਮਿਲਿਆ, ਕੋਈ ਵਟਸਐਪ ਚੈਟ ਨਹੀਂ ਹੈ, ਕੁਝ ਵੀ ਨਹੀਂ ਹੈ|’’ ਮੁੱਖ ਮੰਤਰੀ ਨੇ ਸਵਾਲ ਚੁੱਕਿਆ ਕਿ ਹਾਈ ਕੋਰਟ ਦੇ ਹੁਕਮਾਂ ਦੇ 24 ਘੰਟਿਆਂ ਦੇ ਅੰਦਰ ਹੀ ਛਾਪਾ ਮਾਰ ਦਿੱਤਾ ਗਿਆ, ਕੀ ਸੀ ਬੀ ਆਈ ਇੰਨੀ ਹੀ ਤੇਜ਼ੀ ਨਾਲ ਪੁਰਾਣੇ ਕੇਸਾਂ ’ਤੇ ਵੀ ਕੰਮ ਕਰਦੀ ਹੈ? ਉਨ੍ਹਾਂ ਕਿਹਾ, ‘‘ਅਸੀਂ ਜਾਂਚ ਤੋਂ ਡਰਨ ਵਾਲੇ ਨਹੀਂ ਹਾਂ, ਅਸੀਂ ਇਸ ਦਾ ਡਟ ਕੇ ਸਾਹਮਣਾ ਕਰਾਂਗੇ|’’




