ਨਵੀਂ ਦਿੱਲੀ : ਰਾਸ਼ਟਰਪਤੀ ਭਵਨ ’ਚ ਜਸਟਿਸ ਉਦੈ ਉਮੇਸ਼ ਲਲਿਤ ਨੇ ਭਾਰਤ ਦੇ ਚੀਫ਼ ਜਸਟਿਸ ਆਫ਼ ਇੰਡੀਆ ਦੇ ਅਹੁਦੇ ਦੀ ਸ਼ਨੀਵਾਰ ਸਹੁੰ ਲਈ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕੇਂਦਰੀ ਮੰਤਰੀ ਸ਼ਾਮਲ ਹੋਏ। ਜਸਟਿਸ ਲਲਿਤ ਤੋਂ ਪਹਿਲਾਂ ਚੀਫ ਜਸਟਿਸ ਵਜੋਂ ਸੇਵਾ ਨਿਭਾਅ ਚੁੱਕੇ ਜਸਟਿਸ ਐੱਨ ਵੀ ਰਾਮੰਨਾ ਵੀ ਹਾਜ਼ਰ ਸਨ। ਸੀ ਜੇ ਆਈ ਜਸਟਿਸ ਉਦੈ ਉਮੇਸ਼ ਲਲਿਤ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ ਦੇ ਤੌਰ ’ਤੇ ਸਹੁੰ ਲਈ। ਜਸਟਿਸ ਲਲਿਤ ਇਸ ਸਾਲ 8 ਨਵੰਬਰ ਨੂੰ ਰਿਟਾਇਰ ਹੋਣਗੇ। ਸੀ ਜੇ ਆਈ ਦੇ ਤੌਰ ’ਤੇ ਉਨ੍ਹਾ ਦਾ ਕਾਰਜਕਾਲ ਸਿਰਫ਼ 74 ਦਿਨ ਦਾ ਹੋਵੇਗਾ। ਇਸ ਦੌਰਾਨ ਉਨ੍ਹਾ ਨੂੰ ਸੁਪਰੀਮ ਕੋਰਟ ’ਚ ਲਟਕੇ 492 ਸੰਵਿਧਾਨਿਕ ਮਾਮਲਿਆਂ ਨੂੰ ਖ਼ਤਮ ਕਰਨ ਦੀ ਚੁਣੌਤੀ ਹੋਵੇਗੀ। ਸੀ ਜੇ ਆਈ ਲਲਿਤ ਦਾ ਪਰਵਾਰ ਪਿਛਲੇ 102 ਸਾਲਾਂ ਤੋਂ ਵਕਾਲਤ ਦੇ ਪੇਸ਼ੇ ’ਚ ਹੈ। ਜਸਟਿਸ ਲਲਿਤ ਦੇ ਦਾਦਾ ਮਹਾਰਾਸ਼ਟਰ ਦੇ ਸੋਲਾਪੁਰ ’ਚ ਵਕਾਲਤ ਦਾ ਕੰਮ ਕਰਦੇ ਸਨ। ਇਸ ਤੋਂ ਬਾਅਦ ਪਿਤਾ ਉਮਸ਼ ਰੰਗਨਾਥ ਲਲਿਤ ਨੇ ਇਸ ਨੂੰ ਅੱਗੇ ਵਧਾਇਆ ਅਤੇ ਹਾਈ ਕੋਰਟ ਦੇ ਜੱਜ ਬਣੇ।




