ਪਟਿਆਲਾ (ਨ ਜ਼ ਸ) : ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਸਥਿਤ ਘਰ ਸੀ ਬੀ ਆਈ ਟੀਮ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ ਕਰਨ ਅਤੇ ਮਠਿਆਈ ਵੰਡਣ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਸ ਨੇ ਭਵਾਨੀਗੜ੍ਹ ਦੇ ਐੱਸ ਐੱਚ ਓ ਨੂੰ ਮੁਅੱਤਲ ਕਰ ਦਿੱਤਾ ਅਤੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ| ਵਿਰੋਧੀ ਧਿਰਾਂ ਨਾਲ ਜੁੜੇ ਕੁਝ ਸਿਆਸੀ ਵਰਕਰਾਂ ਨੇ ਸੀ ਬੀ ਆਈ ਛਾਪੇ ਦਾ ਸਵਾਗਤ ਕੀਤਾ ਸੀ| ਪੁਲਸ ਨੇ ਸੀ ਬੀ ਆਈ ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ| ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਐੱਸ ਐੱਚ ਓ ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ|




