ਨਵੀਂ ਖੇਤੀ ਤੇ ਮੰਡੀਕਰਨ ਨੀਤੀ ਖ਼ਿਲਾਫ਼ ਲੋਕ ਘੋਲ ’ਤੇ ਜ਼ੋਰ

0
43

ਜਲੰਧਰ (ਕੇਸਰ) : ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਅਮੁੱਲੜੇ ਇਨਕਲਾਬੀ ਸਫ਼ੇ, ਗ਼ਦਰ ਪਾਰਟੀ ਦੇ 111ਵੇਂ (1913-2025) ਸਥਾਪਨਾ ਦਿਹਾੜੇ ਮੌਕੇ ਸੋਮਵਾਰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਰਵਾਈ ਗਈ ਵਿਚਾਰ-ਚਰਚਾ ‘ਨਵੀਂ ਮੰਡੀ ਅਤੇ ਖੇਤੀ ਨੀਤੀ’ ਵਿਸ਼ੇ ਉਪਰ ਹੋਈਆਂ ਵਿਚਾਰਾਂ ਨੇ ਇਸ ਨੀਤੀ ਦੇ ਲਾਗੂ ਹੋਣ ਨਾਲ ਪੈਣ ਵਾਲੇ ਵਿਆਪਕ ਮਾਰੂ ਅਸਰਾਂ ਅਤੇ ਇਸ ਖ਼ਿਲਾਫ਼ ਲੋਕ ਘੋਲਾਂ ਦੀ ਲੋੜ ਨੂੰ ਉਘਾੜ ਕੇ ਸਾਹਮਣੇ ਲਿਆਂਦਾ।
ਇਸ ਵਿਚਾਰ-ਚਰਚਾ ਮੌਕੇ ਮੰਚ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਵੱਲੋਂ ਨਿਮੰਤਰਤ ਬੁਲਾਰੇ ਲਖਬੀਰ ਸਿੰਘ ਨਿਜ਼ਾਮਪੁਰ, ਡਾ. ਸਤਨਾਮ ਸਿੰਘ ਅਜਨਾਲਾ, ਜੋਗਿੰਦਰ ਸਿੰਘ ਉਗਰਾਹਾਂ ਅਤੇ ਰਮਿੰਦਰ ਸਿੰਘ ਪਟਿਆਲਾ ਸੁਸ਼ੋਭਿਤ ਸਨ।
ਵਿਚਾਰ-ਚਰਚਾ ਦਾ ਆਗਾਜ਼ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਜੀ ਆਇਆਂ ਨੂੰ ਕਹਿਣ ਨਾਲ ਹੋਇਆ। ਇਸ ਮੌਕੇ ਬੋਲਦਿਆਂ ਉਹਨਾ ਕਿਹਾ ਕਿ ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ ਮੌਕੇ ਅੱਜ ਉਹ ਸਾਰੇ ਸੁਆਲ, ਜੋ 1913 ’ਚ ਦਰਪੇਸ਼ ਸਨ, ਅੱਜ ਹੋਰ ਵੀ ਵਿਆਪਕ ਅਤੇ ਤਿੱਖੇ ਰੂਪ ਵਿੱਚ ਮੂੰਹ ਅੱਡੀਂ ਖੜ੍ਹੇ ਹਨ। ਇਹ ਸੁਆਲ ਸਾਥੋਂ ਜਵਾਬ ਮੰਗਦੇ ਹਨ। ਇਹ ਵਿਚਾਰ-ਚਰਚਾ ਉਹਨਾਂ ਸੁਆਲਾਂ ’ਚੋਂ ਇੱਕ ਸੁਆਲ ਖੇਤੀ ਅਤੇ ਮੰਡੀ ਉਪਰ ਬੋਲੇ ਧਾਵੇ ਨੂੰ ਸੰਬੋਧਿਤ ਹੁੰਦੀ ਹੋਈ ਵੀ ਸਾਮਰਾਜੀ ਅਤੇ ਦੇਸੀ ਕਾਰਪੋਰੇਟ ਧਾਵੇ ਦੀ ਵਿਸ਼ਾਲ ਲੋਕਾਈ ਖਿਲਾਫ਼ ਧਾਵੇ ਨੂੰ ਕੇਂਦਰ ਵਿੱਚ ਲਿਆਉਣ ’ਚ ਸਫ਼ਲ ਰਹੀ।
ਵਿਚਾਰ-ਚਰਚਾ ਮੌਕੇ ਲਖਬੀਰ ਸਿੰਘ ਨਿਜ਼ਾਮਪੁਰ, ਡਾ. ਸਤਨਾਮ ਸਿੰਘ ਅਜਨਾਲਾ, ਜੋਗਿੰਦਰ ਸਿੰਘ ਉਗਰਾਹਾਂ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਬੁਲਾਰਿਆਂ ਨੇ ਦਰਸਾਇਆ ਕਿ ਜਿਹੜੇ ਤਿੰਨ ਕਾਲ਼ੇ ਖੇਤੀ ਕਾਨੂੰਨ ਜਾਨ-ਹੂਲਵੇਂ ਘੋਲ ਉਪਰੰਤ ਰੱਦ ਕਰਵਾਉਣ ’ਚ ਦਿੱਲੀ ਕਿਸਾਨ ਮੋਰਚਾ ਸਫ਼ਲ ਹੋਇਆ ਸੀ, ਨਵੀਂ ਮੰਡੀ ਅਤੇ ਖੇਤੀ ਨੀਤੀ ਦੇ ਮਨਸ਼ੇ ਉਸ ਤੋਂ ਵੀ ਕਿਤੇ ਖ਼ਤਰਨਾਕ ਹਨ।
ਬੁਲਾਰਿਆਂ ਨੇ ਤੱਥਾਂ ਸਹਿਤ ਦੱਸਿਆ ਕਿ ਕਿਵੇਂ ਸੰਕਟ ਮੂੰਹ ਆਇਆ ਸਾਮਰਾਜੀ ਅਰਥਚਾਰਾ ਆਪਣਾ ਸੰਕਟ ਸਾਡੇ ਵਰਗੇ ਮੁਲਕਾਂ ਦੇ ਲੋਕਾਂ ਸਿਰ ਲੱਦਣ ਲਈ ਨਿੱਤ ਨਵੇਂ ਪਾਪੜ ਵੇਲ ਰਿਹਾ ਹੈ।
ਬੁਲਾਰਿਆਂ ਦਾ ਸਪੱਸ਼ਟ ਅਤੇ ਸਾਂਝਾ ਵਿਚਾਰ ਸੀ ਕਿ ਖੇਤੀ ਅਤੇ ਮੰਡੀ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਇਸ ਦੀ ਮਾਰ ਹੇਠ ਸਿਰਫ਼ ਕਿਸਾਨੀ ਹੀ ਨਹੀਂ, ਸਗੋਂ ਹੋਰ ਮਿਹਨਤਕਸ਼ ਤਬਕੇ ਵੀ ਆਉਣਗੇ। ਉਹਨਾਂ ਕਿਹਾ ਕਿ ਇੱਕ ਦਿਨ ’ਚ ਕਰੋੜਾਂ ਰੁਪਏ ਮੁੱਛਣ ਵਾਲੀਆਂ ਕੰਪਨੀਆਂ ਆਪਣੀਆਂ ਨੀਤੀਆਂ ਬੇਰੋਕ-ਟੋਕ ਲਾਗੂ ਕਰਨ ਲਈ ਹੀ ਲੋਕਾਂ ਦੇ ਮੁੱਢਲੇ ਜਮਹੂਰੀ ਹੱਕਾਂ ਉਪਰ ਡਾਕਾ ਮਾਰ ਰਹੀਆਂ ਹਨ। ਆਏ ਦਿਨ ਰਾਜਕੀ ਮਸ਼ੀਨਰੀ ਦੇ ਸੁਭਾਅ ’ਚ ਫਾਸ਼ੀ ਹੱਲੇ ਦਾ ਵਰਤਾਰਾ ਜ਼ੋਰ ਫੜਦਾ ਜਾ ਰਿਹਾ ਹੈ।
ਵਿਚਾਰ-ਚਰਚਾ ਨੇ ਇਹ ਤੱਤ ਕੱਢਿਆ ਕਿ ਨਵਾਂ ਕਾਰਪੋਰੇਟ ਅਤੇ ਫਾਸ਼ੀ ਹੱਲਾ ਜੁੜਵੇਂ ਅੰਗ ਹਨ, ਇਹਨਾਂ ਨੂੰ ਪਛਾੜਨ ਦਾ ਇੱਕੋ-ਇੱਕ ਸੁਵੱਲੜਾ ਰਾਹ ਏਕੇ ਅਤੇ ਸੰਘਰਸ਼ ਦਾ ਹੈ। ਇਸ ਲਈ ਭਵਿੱਖ਼ ਵਿੱਚ ਫਾਸ਼ੀ ਰਾਜਭਾਗ ਨਾਲ ਲੋਕਾਂ ਦਾ ਸਿੱਧਾ ਮੱਥਾ ਲੱਗੇਗਾ ਅਤੇ ਲੋਕ ਅਵੱਸ਼ ਹੀ ਜੇਤੂ ਹੋ ਕੇ ਨਿਕਲਣਗੇ, ਭਾਵੇਂ ਇਸ ਦੀ ਵਡੇਰੀ ਕੀਮਤ ਅਦਾ ਕਰਨੀ ਪਏਗੀ।
ਵਿਚਾਰ-ਚਰਚਾ ਉਪਰੰਤ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤਿਆਂ ’ਚ ਮੰਗ ਕੀਤੀ ਗਈ ਕਿ ਗ਼ਦਰ ਪਾਰਟੀ ਅਤੇ ਆਜ਼ਾਦੀ ਸੰਗਰਾਮ ਨਾਲ ਸੰਬੰਧਤ ਇਤਿਹਾਸਕ ਥਾਵਾਂ, ਇਤਿਹਾਸ ਅਤੇ ਨਾਇਕਾਂ ਦੇ ਜੀਵਨ ਸੰਘਰਸ਼ ਦੀ ਮੌਲਿਕਤਾ ਨਾਲ ਛੇੜਛਾੜ ਕਰਨਾ ਅਤੇ ਉਸ ਦੇ ਪ੍ਰਮਾਣਿਕ ਇਤਿਹਾਸਕ ਮੁਹਾਂਦਰੇ ਦਾ ਹੁਲੀਆ ਵਿਗਾੜਨਾ ਬੰਦ ਕੀਤਾ ਜਾਏ। ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕਤਾ ਤੇ ਮੌਲਿਕ ਸਰੂਪ ਬਹਾਲ ਕੀਤਾ ਜਾਏ। ਪ੍ਰਦੇਸਾਂ ਵਿੱਚ ਪੜ੍ਹਨ ਅਤੇ ਰੁਜ਼ਗਾਰ ਦੀ ਤਲਾਸ਼ ਵਿੱਚ ਗਏ ਬੇਤਹਾਸ਼ਾ ਦੁਸ਼ਵਾਰੀਆਂ ਅਤੇ ਜ਼ਲੀਲਤਾ ਝੱਲਦੇ ਪ੍ਰਵਾਸੀਆਂ ਦੇ ਮੌਲਿਕ ਮਾਨਵੀ ਹੱਕਾਂ ਦੀ ਰਾਖੀ ਕੀਤੀ ਜਾਏ। ਫਲਸਤੀਨੀਆਂ ਦਾ ਨਸਲਘਾਤ ਬੰਦ ਕਰਨ, ਅਮਰੀਕੀ ਹਾਕਮਾਂ ਦੇ ਥਾਪੜੇ ਸਦਕਾ ਇਜ਼ਰਾਇਲੀ ਹਾਕਮਾਂ ਵੱਲੋਂ ਬੋਲੇ ਜਾ ਰਹੇ ਅੱਤ ਦਰਜੇ ਦੇ ਘਿਨੌਣੇ ਹਮਲੇ ਬੰਦ ਕਰਨ ਅਤੇ ਫ਼ਲਸਤੀਨ ’ਚੋਂ ਧਾੜਵੀ ਫੌਜਾਂ ਬਾਹਰ ਕੱਢਣ ਦੀ ਮੰਗ ਕੀਤੀ ਗਈ। ਆਦਿਵਾਸੀਆਂ ਦਾ ਸਮੂਹਿਕ ਕਤਲੇਆਮ, ਉਜਾੜਾ ਅਤੇ ਜੰਗਲ, ਜਲ, ਜ਼ਮੀਨ ਦੀ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਵੱਲੋਂ ਅੰਨ੍ਹੀਂ ਲੁੱਟ ਬੰਦ ਕਰਨ ਦੀ ਵੀ ਮੰਗ ਕੀਤੀ ਗਈ। ਲੋਕਾਂ ਦੇ ਮੁੱਢਲੇ ਜਮਹੂਰੀ ਹੱਕਾਂ ਦਾ ਘਾਣ ਕਰਨਾ ਬੰਦ ਕਰਨ, ਗਿ੍ਰਫ਼ਤਾਰ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਰੰਗਕਰਮੀਆਂ ਆਦਿ ਨੂੰ ਤੁਰੰਤ ਰਿਹਾਅ ਕੀਤਾ ਜਾਏ। ਫਸਲਾਂ ਨੂੰ ਅੱਗਾਂ ਲੱਗਣ, ਗੜ੍ਹੇਮਾਰ ਅਤੇ ਤੇਜ਼ ਹਨੇਰੀਆਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਏ। ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਨੂੰ ਪੁਲਸ ਰਾਜ ਵਿੱਚ ਬਦਲਣ ਅਤੇ ਹੱਕ ਮੰਗਦੇ ਲੋਕਾਂ ਵਿਸ਼ੇਸ਼ ਕਰਕੇ ਔਰਤਾਂ, ਨੌਜਵਾਨਾਂ, ਰੁਜ਼ਗਾਰ ਮੰਗਦੀ ਜੁਆਨੀ ਨੂੰ ਵਹਿਸ਼ੀਆਨਾ ਜਬਰ ਦਾ ਨਿਸ਼ਾਨਾ ਬਣਾਉਣ ਦੇ ਰਾਹ ਤੁਰੀ ਪੰਜਾਬ ਸਰਕਾਰ ਇਹਨਾਂ ਕਦਮਾਂ ਤੋਂ ਬਾਜ਼ ਆਏ। ਸਾਬਕਾ ਡੀ ਜੀ ਪੀ (ਜੇਲ੍ਹਾਂ) ਸ਼ਸ਼ੀ ਕਾਂਤ ਦੀ ਰਿਪੋਰਟ, ਜੋ ਨਸ਼ਾ ਤਸਕਰਾਂ ’ਤੇ ਉਂਗਲ ਧਰਦੀ ਹੈ, ਉਹ ਜਨਤਕ ਕੀਤੀ ਜਾਵੇ। ਆਮ ਲੋਕਾਂ ਤੇ ਨਸ਼ਾ ਸੌਦਾਗਰ ਦੱਸ ਕੇ ਬੁਲਡੋਜ਼ਰ ਚਾੜ੍ਹਨ ਦਾ ਹੱਲਾ ਤੁਰੰਤ ਬੰਦ ਕੀਤਾ ਜਾਏ। ਨਸ਼ਾ ਤਸਕਰੀ ਦੇ ਅਸਲ ਮੁਜਰਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪ੍ਰਧਾਨਗੀ ਮੰਡਲ ਤੇ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ (ਸਹਿ-ਸੰਪਾਦਕ) ਤੇ ਵਿਜੈ ਬੰਬੇਲੀ (ਸਹਿਯੋਗੀ ਸੰਪਾਦਕ) ਵੱਲੋਂ ‘ਵਿਰਸਾ’ ਲੋਕ-ਅਰਪਣ ਕੀਤਾ ਗਿਆ।
ਪ੍ਰਧਾਨਗੀ ਮੰਡਲ ਦੀ ਤਰਫ਼ੋਂ ਬੋਲਦਿਆਂ ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਇੱਕ ਸਦੀ ਤੋਂ ਵੀ ਵੱਧ ਅਰਸਾ ਪਹਿਲਾਂ ਗ਼ਦਰ ਪਾਰਟੀ ਦੀ ਦੂਰ-ਦਿ੍ਰਸ਼ਟੀ ਦਾ ਇਹ ਹੋਕਾ ਸੀ ਕਿ ਦੁਨੀਆ ਭਰ ਦੇ ਲੋਕਾਂ ਦੀਆਂ ਮਰਜਾਂ ਦੀ ਜੜ੍ਹ ਸਾਮਰਾਜ ਅਤੇ ਉਸ ਦੇ ਸੇਵਾਦਾਰਾਂ ਦੇ ਲੋਕ-ਦੋਖੀ ਰਾਜ ਵਿੱਚ ਲੱਗੀ ਹੈ। ਇਹ ਸਾਡੇ ਸਮੇਂ ਦਾ ਵੀ ਸੱਚ ਹੈ। ਉਹਨਾ ਕਮੇਟੀ ਦੇ ਬੁਲਾਵੇ ’ਤੇ ਸਭ ਬੁਲਾਰਿਆਂ ਦੇ ਆਉਣ ’ਤੇ ਧੰਨਵਾਦ ਕੀਤਾ। ਸਮਾਗਮ ’ਚ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਅਦਾ ਕੀਤੀ। ਉਹਨਾ ਗ਼ਦਰ ਪਾਰਟੀ ਦੇ ਬੁਨਿਆਦੀ ਅਸੂਲਾਂ ਉਪਰ ਪਹਿਰਾ ਦੇਣ ਲਈ ਕਿਹਾ।
ਅਮਰੀਕੀ ਉਪ-ਰਾਸ਼ਟਰਪਤੀ ਦੇ ਅੱਜ ਦਿੱਲੀ ਆਉਣ ਅਤੇ ਭਾਰਤੀ ਹਾਕਮਾਂ ਨਾਲ ਨਵੀਂਆਂ ਲੋਕ-ਵਿਰੋਧੀ ਸੰਧੀਆਂ ਕਰਨ ਖ਼ਿਲਾਫ਼ ਸਮਾਗਮ ਉਪਰੰਤ ਬੀ ਐੱਮ ਸੀ ਚੌਕ ਤੱਕ ਮਾਰਚ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਕਮੇਟੀ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।