15.7 C
Jalandhar
Thursday, November 21, 2024
spot_img

ਚੇਤਨਾ ਦਾ ਵਣਜਾਰਾ ਹੋ ਨਿੱਬੜਿਆ ਸਿਖਿਆਰਥੀ ਚੇਤਨਾ ਕੈਂਪ

ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਹਾਲ ’ਚ ਪੰਜਾਬ ਭਰ ਤੋਂ ਜੁੜੇ ਸਿਖਿਆਰਥੀਆਂ ਦੇ ਲੱਗੇ ਤਿੰਨ ਰੋਜ਼ਾ ਕੈਂਪ ਦੇ ਸਿਖਰਲੇ ਦਿਹਾੜੇ ਮੌਕੇ ਪੰਜਾਬ ’ਚ ਭਖ਼ਦੇ ਮੁੱਦੇ ‘ਪਾਣੀ, ਵਾਤਾਵਰਣ ਅਤੇ ਜਨ ਜੀਵਨ ’ਤੇ ਮਾਰੂ ਹੱਲਾ’ ਵਿਸ਼ੇ ਉਪਰ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਵਿਜੈ ਬੰਬੇਲੀ ਨੇ ਕਿਹਾ ਕਿ ‘ਪਵਣ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤੁ’ ਦੇ ਸ਼ਬਦਾਂ ਨੂੰ ਆਪਣੀ ਬੁੱਕਲ ’ਚ ਸਮੋਈ ਬੈਠੇ ਇਸ ਖਿੱਤੇ ਅੰਦਰ ਵਸਦੀ ਮਾਨਵ ਜਾਤੀ ਗੰਭੀਰ ਮਿੱਟੀ ਅਤੇ ਜਲ ਸੰਕਟ ਦਾ ਸ਼ਿਕਾਰ ਹੋਣ ਜਾ ਰਹੀ ਹੈ। ਪਾਣੀ ਸਾਡੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸ਼ਕਤੀ ਹੈ।
ਵਿਜੈ ਬੰਬੇਲੀ ਨੇ ਕਿਹਾ ਕਿ ਖੇਤੀ ਜਾਂ ਰੋਜ਼ਮਰ੍ਹਾ ਜੀਵਨ ਵਿੱਚ ਵਰਤੇ ਜਾਂਦੇ ਪਾਣੀ ਨੂੰ ਹੀ ਜਲ ਸੰਕਟ ਦਾ ਮੁੱਖ ਕਾਰਨ ਦੱਸ ਕੇ ਸ਼ਰਾਬ, ਸਾਫ਼ਟ ਡਰਿੰਕਸ, ਕੱਪੜਾ, ਰਸਾਇਣਕ ਆਦਿ ਉਦਯੋਗ ਦੁਆਰਾ ਵਰਤੇ ਜਾਂਦੇ ਬੇਤਹਾਸ਼ਾ ਪਾਣੀ ਕਾਰਨ ਬਣ ਰਹੇ ਸੰਕਟ ’ਤੇ ਪਰਦਾਪੋਸ਼ੀ ਕੀਤੀ ਜਾਂਦੀ ਹੈ। ਜੇ ਮਨੁੱਖ ਨੇ ਜ਼ਿੰਦਾ ਰਹਿਣਾ ਹੈ ਤਾਂ ਸਿਧਾਂਤ ਅਤੇ ਕਾਰਜਸ਼ੈਲੀਆਂ ਸਿਰਫ਼ ਬੰਦੇ ਨੂੰ ਹੀ ਧਿਆਨ ਵਿੱਚ ਨਹੀਂ, ਸਗੋਂ ਕੁਦਰਤ ਨੂੰ ਧਿਆਨ ਵਿੱਚ ਰੱਖ ਕੇ ਘੜਨ ਦੀ ਲੋੜ ਹੈ। ਸੰਸਾਰ ਨਿਜ਼ਾਮ ਨੇ ਜਿਵੇਂ ਕੁਦਰਤੀ ਸੋਮਿਆਂ ਖਾਸ ਕਰਕੇ ਜਲ-ਸੋਮਿਆਂ ਨੂੰ ਕਬਜ਼ੇ ਹੇਠ ਲੈਣ ਲਈ ਮੱਕੜ-ਜਾਲ ਬੁਣ ਲਿਆ, ਇਸ ਨੇ ਤੀਜਾ ਮਹਾਂ ਯੁੱਧ ਦਾ ਕਾਰਨ ਪਾਣੀ ਬਣੇਗਾ ਦੇ ਖਦਸ਼ੇ ਨੂੰ ਸੱਚ ਹੋਣ ਵੱਲ ਤੋਰ ਦਿੱਤਾ ਹੈ।
ਉਹਨਾਂ ਕਿਹਾ ਕਿ ਪਾਣੀ, ਧਰਤੀ, ਜੰਗਲ, ਕੁਦਰਤੀ ਅਨਮੋਲ ਖਜ਼ਾਨਿਆਂ ਉਪਰ ਮੁਨਾਫ਼ੇਖੋਰ ਧੜਵੈਲ ਕੰਪਨੀਆਂ ਮੁਕੰਮਲ ਜੱਫਾ ਮਾਰਨ, ਨਿੱਜੀਕਰਨ ਕਰਕੇ ਲੋਕਾਂ ਦੀ ਰੱਤ ਨਿਚੋੜਨ ਦਾ ਕੰਮ ਵੀ ਉਹਨਾਂ ਵਸਤਾਂ ਦੇ ਸਿਰ ’ਤੇ ਕਰ ਰਹੀਆਂ ਹਨ, ਜੋ ਵਸਤਾਂ ਕੁੱਲ ਦੁਨੀਆ ਦੇ ਲੋਕਾਂ ਨੂੰ ਕੁਦਰਤ ਨੇ ਦਿੱਤੀਆਂ ਹਨ। ਉਹਨਾਂ ਸਿਖਿਆਰਥੀਆਂ ਨੂੰ ਕਿਹਾ ਕਿ ਸਾਨੂੰ ਜਿਥੇ ਖੁਦ ਜਲ, ਪੌਣ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ, ਓਥੇ ਇਹਨਾਂ ਨੂੰ ਹੜੱਪਣ ਲਈ ਸਰਗਰਮ ਤਾਕਤਾਂ ਤੋਂ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਉਪਰੰਤ ਸਮੂਹ ਸਿਖਿਆਰਥੀਆਂ ਨੂੰ ‘ਪ੍ਰਮਾਣ-ਪੱਤਰ’ ਅਤੇ ਕਿਤਾਬਾਂ ਨਾਲ ਸਨਮਾਨਤ ਕੀਤਾ ਗਿਆ। ਕਮੇਟੀ ਦੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ, ਪ੍ਰਧਾਨ ਅਜਮੇਰ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਦਰਸ਼ਨ ਖਟਕੜ, ਹਰਮੇਸ਼ ਮਾਲੜੀ, ਵਿਜੈ ਬੰਬੇਲੀ, ਚਰੰਜੀ ਲਾਲ ਕੰਗਣੀਵਾਲ, ਪ੍ਰੋ. ਗੋਪਾਲ ਬੁੱਟਰ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮੂਹ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਹੱਲਾ-ਸ਼ੇਰੀ ਦਿੱਤੀ।
ਇਸ ਮੌਕੇ ਔਕਸਫੋਰਡ ਅਤੇ ਜੰਤਾ ਹਸਪਤਾਲ ਵੱਲੋਂ ਲਗਾਏ ਮੈਡੀਕਲ ਕੈਂਪ ਦੀਆਂ ਸੇਵਾਵਾਂ ਕਾਰਨ ਡਾ. ਸਾਹਿਬਾਨ ਅਤੇ ਸਮੂਹ ਸਟਾਫ਼ ਦਾ ਸਨਮਾਨ ਕੀਤਾ ਗਿਆ। ਕਮੇਟੀ ਦੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਪ੍ਰਧਾਨ ਅਜਮੇਰ ਸਿੰਘ ਨੇ ਕੈਂਪ ਦੀ ਸਫ਼ਲਤਾ ’ਤੇ ਤਸੱਲੀ ਪ੍ਰਗਟਾਉਂਦਿਆਂ ਅਜਿਹੇ ਯਤਨ ਭਵਿੱਖ ’ਚ ਜਾਰੀ ਰੱਖਣ ਦਾ ਵਿਸ਼ਵਾਸ ਦੁਆਇਆ। ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ। ਨਵੀਂ ਊਰਜਾ, ਜੋਸ਼, ਉਤਸ਼ਾਹ ਅਤੇ ਸੇਧ ਲੈ ਕੇ ਨੌਜਵਾਨ ਕਾਫ਼ਲੇ ਦੇਸ਼ ਭਗਤ ਯਾਦਗਾਰ ਤੋਂ ਵਿਦਾ ਹੋਏ।

Related Articles

LEAVE A REPLY

Please enter your comment!
Please enter your name here

Latest Articles