ਮਈ-ਜੂਨ ’ਚ ‘ਨਸ਼ਾ ਮੁਕਤੀ ਯਾਤਰਾ’

0
119

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਸੂਬੇ ਵਿੱਚ ਨਸ਼ਿਆਂ ਦੇ ਖ਼ਤਰੇ ’ਤੇ ਅੰਤਿਮ ਅਤੇ ਫੈਸਲਾਕੰੁਨ ਹਮਲੇ ਲਈ ਤਿਆਰੀ ਵਿੱਢਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜੋ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਸੂਬੇ ਦੇ ਹਰ ਪਿੰਡ ਅਤੇ ਵਾਰਡ ਤੱਕ ਪਹੁੰਚ ਕਰੇਗੀ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਹਿੰਮ 2 ਤੋਂ 4 ਮਈ ਤੱਕ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਨ ਲਈ ਪਿੰਡ ਸੁਰੱਖਿਆ ਕਮੇਟੀਆਂ ਨੂੰ ਨੇੜਿਓਂ ਸ਼ਾਮਲ ਕਰਕੇ ਚਲਾਈ ਜਾਵੇਗੀ। ਇਹ ਮੀਟਿੰਗਾਂ ‘ਨਸ਼ਾ ਮੁਕਤੀ ਯਾਤਰਾ’ ਮੁਹਿੰਮ ਲਈ ਅਧਿਕਾਰਤ ਲਾਂਚ ਪਲੇਟਫਾਰਮ ਵਜੋਂ ਕੰਮ ਕਰਨਗੀਆਂ।ਪਿੰਡ ਸੁਰੱਖਿਆ ਕਮੇਟੀਆਂ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਪਿੰਡਾਂ ਦੇ ਸਰਪੰਚ, ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਨਾਲ-ਨਾਲ ਹੋਰ ਸੰਬੰਧਤ ਵੀ ਸ਼ਾਮਲ ਹੋਣਗੇ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਅਤੇ ਐੱਸ.ਐੱਸ.ਪੀ. ਨੂੰ ਉਨ੍ਹਾਂ ਪਿੰਡਾਂ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਬਣਾਉਣ ਲਈ ਕਿਹਾ ਹੈ, ਜਿੱਥੇ ਇਹ ਕਮੇਟੀਆਂ ਮੌਜੂਦ ਨਹੀਂ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਮੀਟਿੰਗਾਂ ਲਈ ਸੱਦਾ ਦੇਣ ਲਈ ਕਿਹਾ ਹੈ। ਇਸੇ ਤਰ੍ਹਾਂ ਨਗਰ ਨਿਗਮ ਖੇਤਰਾਂ ਦੇ ਹਰੇਕ ਵਾਰਡ ਵਿੱਚ ਵਾਰਡ ਸੁਰੱਖਿਆ ਕਮੇਟੀਆਂ ਵੀ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਇਨ੍ਹਾਂ ਮੀਟਿੰਗਾਂ ਲਈ ਸੱਦਿਆ ਜਾਵੇਗਾ। ਹਰੇਕ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਇੱਕ ਕੈਬਨਿਟ ਮੰਤਰੀ ਵੱਲੋਂ ਕੀਤੀ ਜਾਵੇਗੀ, ਜਿਸ ਦਾ ਮੰਤਵ ਨਸ਼ਾ ਮੁਕਤੀ ਯਾਤਰਾ ਮੁਹਿੰਮ ਬਾਰੇ ਜਾਗਰੂਕ ਕਰਨਾ, ਚੌਕਸੀ ਲਈ ਪਿੰਡ-ਪੱਧਰੀ ਲੀਡਰਸ਼ਿਪ ਨੂੰ ਲਾਮਬੰਦ ਕਰਨਾ, ਪਿੰਡ ਸੁਰੱਖਿਆ ਕਮੇਟੀਆਂ, ਵਾਰਡ ਸੁਰੱਖਿਆ ਕਮੇਟੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ ਪਿੰਡ ਪੱਧਰ ’ਤੇ ਨਸ਼ਿਆਂ ਵਿਰੁੱਧ ਸਮੂਹਿਕ ਇਕਜੁੱਟਤਾ ਨੂੰ ਮਜ਼ਬੂਤ ਕਰਨਾ ਹੈ।ਇਨ੍ਹਾਂ ਮੀਟਿੰਗਾਂ ਤੋਂ ਬਾਅਦ ਦੂਜੇ ਪੜਾਅ ਦੀ ਨਸ਼ਾ ਮੁਕਤੀ ਯਾਤਰਾ 7 ਮਈ ਤੋਂ ਜ਼ਮੀਨੀ ਪੱਧਰ ’ਤੇ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਯਾਤਰਾ ਵਿੱਚ ਹਰੇਕ ਪਿੰਡ/ਵਾਰਡ ਦੇ ਸਾਰੇ ਲੋਕਾਂ ਦੀ ਇੱਕ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਪਿੰਡ ਸੁਰੱਖਿਆ ਕਮੇਟੀ, ਵਾਰਡ ਸੁਰੱਖਿਆ ਕਮੇਟੀ, ਸਰਪੰਚ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ। ਪੰਜਾਬ ਦੇ ਹਰੇਕ ਪਿੰਡ/ਵਾਰਡ ਨੂੰ ਸੂਬਾ ਸਰਕਾਰ ਵੱਲੋਂ ਤਿਆਰ ਕੀਤੀ ਸਾਰਣੀ ਅਨੁਸਾਰ ਕਵਰ ਕੀਤਾ ਜਾਵੇਗਾ।