ਮੁੰਬਈ : ਮਹਾਂਨਗਰ ਮੁੰਬਈ ਵਸਦੇ ਪੰਜਾਬੀ ਦੇ ਸਿਰਮੌਰ, ਪ੍ਰੋੜ੍ਹ ਅਤੇ ਪ੍ਰਤਾਪੀ ਲੇਖਕ ਐੱਸ ਸਵਰਨ 88 ਸਾਲ ਦੀ ਉਮਰ ਵਿੱਚ 14 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਇਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਇਕ ਸਤਿਕਾਰਤ ਤੇ ਸਥਾਪਤ ਲੇਖਕ ਤੋਂ ਬਿਨਾਂ ਸਫ਼ਲ ਸੰਪਾਦਕ, ਬਿਜ਼ਨੈੱਸਮੈਨ ਸਨ। ‘ਚੇਤਨਾ ਵਾਲਾ ਸਵਰਨ’ ਦੇ ਨਾਂਅ ਨਾਲ ਪਹਿਚਾਣ ਬਣਾਉਣ ਵਾਲੇ ਐੱਸ ਸਵਰਨ ਨੂੰ ਬੰਬਈ ਦੀਆਂ ਨਾਮੀ ਫਿਲਮੀ ਸਾਹਿਤਕ ਅਤੇ ਰੰਗ-ਕਰਮੀ ਹਸਤੀਆਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ‘ਚੇਤਨਾ’ ਰਸਾਲੇ ਰਾਹੀਂ ਐੱਸ ਸਵਰਨ ਦੀ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਵਿਸ਼ੇਸ਼ ਥਾਂ ਬਣੀ ਰਹੀ। ਉਹ ਇੰਡੀਅਨ ਪੀਪਲਜ਼ ਥੀਏਟਰ ਦੀਆਂ ਸਰਗਰਮੀਆਂ ਵਿੱਚ ਖੂਬ ਸਰਗਰਮ ਰਹੇ। ਸਾਲ 1986 ਵਿੱਚ ਉਨ੍ਹਾਂ ਪੰਜਾਬੀ ਦੀ ਇੱਕ ਵੱਡ-ਆਕਾਰੀ ਕਿਤਾਬ ‘ਵੰਨਗੀ’ ਦਾ ਸੰਪਾਦਨ ਕੀਤਾ। ਉਨ੍ਹਾਂ ਦਾ ਸਮੁੱਚਾ ਕਾਵਿ ਸੰਗ੍ਰਹਿ ‘ਸਨਦ’ 2021 ਵਿੱਚ ਛਪਿਆ। ਐੱਸ ਸਵਰਨ ਦੇ ਵਿਛੋੜੇ ’ਤੇ ਯੂ ਕੇ ਤੋਂ ਕੇ ਸੀ ਮੋਹਨ, ਗੁਰਪਾਲ ਸਿੰਘ, ਅਮਰ ਜਿਉਤੀ, ਰਣਜੀਤ ਧੀਰ, ਦਰਸ਼ਨ ਬੁਲੰਦਵੀ, ਹਰਜੀਤ ਅਟਵਾਲ, ਰੂਪ ਢਿੱਲੋਂ, ਕੁਲਵੰਤ ਢਿੱਲੋਂ, ਦਰਸ਼ਨ ਢਿੱਲੋਂ, ਜਗਤਾਰ ਢਾਅ, ਹਰੀਸ਼ ਮਲਹੋਤਰਾ, ਰਾਣੋ ਜੰਗ, ਵਿਨੈ ਜੰਗ, ਸਵਰਾਜ ਕੌਰ, ਸੁਖਦੇਵ ਔਜਲਾ ਅਤੇ ਜਰਮਨੀ ਤੋਂ ਅਣਖੀ ਇਬਰਾਹੀਮਪੁਰੀ ਨੇ ਅਫ਼ਸੋਸ ਪ੍ਰਗਟ ਕੀਤਾ ਹੈ।



