ਮਹਿਲਾ ਕਮਿਸ਼ਨ ਨੇ ਮੇਰੀ ਪੋਸਟ ਨੂੰ ਗਲਤ ਪੜ੍ਹਿਆ : ਮਹਿਮੂਦਾਬਾਦ

0
114

ਸੋਨੀਪਤ : ਇੱਥੋਂ ਦੀ ਨਿੱਜੀ ਅਸ਼ੋਕਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ, ਜਿਸ ਨੂੰ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਅਪ੍ਰੇਸ਼ਨ ਸਿੰਧੂਰ ’ਤੇ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਤਲਬ ਕੀਤਾ ਸੀ, ਨੇ ਵੀਰਵਾਰ ਕਿਹਾ ਕਿ ਕਮਿਸ਼ਨ ਨੇ ਉਸ ਦੀ ਟਿੱਪਣੀ ਨੂੰ ਗਲਤ ਪੜ੍ਹਿਆ ਹੈ। ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਲੀ ਖਾਨ ਮਹਿਮੂਦਾਬਾਦ ਨੇ ‘ਐੱਕਸ’ ’ਤੇ ਪੋਸਟ ਕੀਤੇ ਇੱਕ ਜਨਤਕ ਬਿਆਨ ਵਿੱਚ ਕਿਹਾ, ‘ਮੈਂ ਹੈਰਾਨ ਹਾਂ ਕਿ ਮਹਿਲਾ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਨੂੰ ਪਾਰ ਕਰਦੇ ਹੋਏ, ਮੇਰੀਆਂ ਪੋਸਟਾਂ ਨੂੰ ਇਸ ਹੱਦ ਤੱਕ ਗਲਤ ਪੜ੍ਹਿਆ ਅਤੇ ਗਲਤ ਸਮਝਿਆ ਹੈ ਕਿ ਸ਼ਬਦਾਂ ਦੇ ਅਰਥ ਹੀ ਬਦਲ ਦਿੱਤੇ ਹਨ।’ ਕਮਿਸ਼ਨ ਨੇ 12 ਮਈ ਨੂੰ ਮਹਿਮੂਦਾਬਾਦ ਨੂੰ ਨੋਟਿਸ ਭੇਜ ਕੇ ਕਿਹਾ ਸੀ ਕਿ ਉਨ੍ਹਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਪਹਿਲੀ ਨਜ਼ਰੇ ਸਮੀਖਿਆ ਵਿੱਚ ਕਈ ਚਿੰਤਾਵਾਂ ਦਾ ਖੁਲਾਸਾ ਹੋਇਆ ਹੈ, ਜਿਸ ਵਿਚ ‘ਵਰਦੀ ਵਿਚ ਔਰਤਾਂ ਦਾ ਅਪਮਾਨ ਕਰਨਾ, ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਪੇਸ਼ੇਵਰ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਕਮਜ਼ੋਰ ਕਰਨਾ ਸ਼ਾਮਲ ਹੈ।’
ਜ਼ਿਕਰਯੋਗ ਹੈ ਕਿ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਪਿਛਲੇ ਹਫਤੇ ਪਾਕਿਸਤਾਨ ’ਤੇ ਭਾਰਤ ਦੀ ਫੌਜੀ ਕਾਰਵਾਈ ਅਪ੍ਰੇਸ਼ਨ ਸਿੰਧੂਰ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਮੀਡੀਆ ਬ੍ਰੀਫਿੰਗ ਕੀਤੀ ਸੀ।
ਕਮਿਸ਼ਨ ਮੁਤਾਬਕ ਮਹਿਮੂਦਾਬਾਦ ਨੇ ਕਿਹਾ ਹੈ ਕਿ ਕਰਨਲ ਸੋਫੀਆ ਕੁਰੈਸ਼ੀ ਦੀ ਪ੍ਰਸੰਸਾ ਕਰਨ ਵਾਲੇ ਸੱਜੇ-ਪੱਖੀ ਲੋਕਾਂ ਨੂੰ ਭੀੜ ਵੱਲੋਂ ਕੀਤੀ ਗਈ ਹੱਤਿਆ ਅਤੇ ਜਾਇਦਾਦਾਂ ਦੀ ਮਨਮਾਨੇ ਢੰਗ ਨਾਲ ਬੁਲਡੋਜ਼ਰਿੰਗ ਦੇ ਪੀੜਤਾਂ ਲਈ ਸੁਰੱਖਿਆ ਦੀ ਮੰਗ ਕਰਨੀ ਚਾਹੀਦੀ ਹੈ। ਉਸ ਨੇ ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਵੱਲੋਂ ਮੀਡੀਆ ਬ੍ਰੀਫਿੰਗਾਂ ਨੂੰ ‘ਆਪਟੀਕਸ’ ਵੀ ਦੱਸਿਆ। ਉਸ ਨੇ ਕਿਹਾ ਸੀ ਕਿ ਆਪਟੀਕਸ ਨੂੰ ਜ਼ਮੀਨੀ ਹਕੀਕਤ ਵਿਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਰਫ ਪਖੰਡ ਹੈ। ਕਮਿਸ਼ਨ ਨੇ ਮਹਿਮੂਦਾਬਾਦ ਨੂੰ ਬੁੱਧਵਾਰ ਨੂੰ ਤਲਬ ਕੀਤਾ ਸੀ। ਹਾਲਾਂਕਿ ਪੈਨਲ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾ ਨੂੰ ਮਹਿਮੂਦਾਬਾਦ ਵੱਲੋਂ ਇੱਕ ਈਮੇਲ ਪ੍ਰਾਪਤ ਹੋਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਦੇਰ ਨਾਲ ਸੂਚਿਤ ਕੀਤਾ ਗਿਆ ਸੀ ਅਤੇ ਇਸ ਲਈ ਉਹ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋ ਸਕਦੇ। ਇਸ ਦੌਰਾਨ ਮਹਿਮੂਦਾਬਾਦ ਨੇ ਕਿਹਾ ਕਿ ਉਸ ਦੇ ਵਕੀਲਾਂ ਨੇ ਸੰਮਨਾਂ ਦਾ ਵਿਸਤ੍ਰਤ ਜਵਾਬ ਪੇਸ਼ ਕੀਤਾ ਹੈ ਅਤੇ ਬੁੱਧਵਾਰ ਨੂੰ ਕਮਿਸ਼ਨ ਦੇ ਸਾਹਮਣੇ ਉਸ ਦੀ ਪ੍ਰਤੀਨਿਧਤਾ ਕੀਤੀ ਹੈ। ਮਹਿਮੂਦਾਬਾਦ ਨੇ ਆਪਣੇ ਜਨਤਕ ਬਿਆਨ ਵਿਚ ਕਿਹਾ, ‘ਕਮਿਸ਼ਨ ਦੇ ਨੋਟਿਸ ਨਾਲ ਜੁੜੇ ਸਕ੍ਰੀਨਸ਼ਾਟ ਇਹ ਸਪੱਸ਼ਟ ਕਰਦੇ ਹਨ ਕਿ ਮੇਰੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਗਲਤ ਸਮਝਿਆ ਗਿਆ ਹੈ ਅਤੇ ਕਮਿਸ਼ਨ ਦਾ ਇਸ ਮਾਮਲੇ ਵਿੱਚ ਕੋਈ ਅਧਿਕਾਰ ਖੇਤਰ ਨਹੀਂ। ਮਹਿਲਾ ਕਮਿਸ਼ਨ ਇੱਕ ਅਜਿਹੀ ਸੰਸਥਾ ਹੈ, ਜੋ ਇਕ ਮਹੱਤਵਪੂਰਨ ਕਾਰਜ ਕਰਦੀ ਹੈ, ਹਾਲਾਂਕਿ ਮੈਨੂੰ ਜਾਰੀ ਕੀਤੇ ਗਏ ਸੰਮਨ ਇਹ ਉਜਾਗਰ ਕਰਨ ਵਿੱਚ ਅਸਫਲ ਰਹਿੰਦੇ ਹਨ ਕਿ ਮੇਰੀ ਪੋਸਟ ਔਰਤਾਂ ਦੇ ਅਧਿਕਾਰਾਂ ਜਾਂ ਕਾਨੂੰਨਾਂ ਦੇ ਉਲਟ ਕਿਵੇਂ ਹੈ।’
ਆਪਣੀਆਂ ਪੋਸਟਾਂ ਬਾਰੇ ਮਹਿਮੂਦਾਬਾਦ ਨੇ ਕਿਹਾ, ‘ਮੈਂ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਤ ਕਰਨ ਅਤੇ ਭਾਰਤੀ ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦੀ ਦਿ੍ਰੜ੍ਹ ਕਾਰਵਾਈ ਲਈ ਪ੍ਰਸੰਸਾ ਕਰਨ ਲਈ ਸੋਚ ਅਤੇ ਬੋਲਣ ਦੀ ਆਜ਼ਾਦੀ ਦੇ ਆਪਣੇ ਬੁਨਿਆਦੀ ਅਧਿਕਾਰ ਦੀ ਵਰਤੋਂ ਕੀਤੀ ਹੈ, ਜਦੋਂ ਕਿ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਹੈ, ਜੋ ਨਫਰਤ ਦਾ ਪ੍ਰਚਾਰ ਕਰਦੇ ਹਨ ਅਤੇ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦੇ ਹਨ।’