ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੀਆਂ ਅਸਾਮੀਆਂ ਨੂੰ ਲੈ ਕੇ ਦਿੱਲੀ ਸਰਕਾਰ ਦੀ ਖਿਚਾਈ ਕਰਦਿਆਂ ਇਸ ਸਾਲ ਸਤੰਬਰ ਤੱਕ ਸਾਰੀਆਂ ਅਸਾਮੀਆਂ ਭਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਅਭੈ ਐੱਸ ਓਕਾ ਅਤੇ ਜਸਟਿਸ ਉਜਲ ਭੂਈਆਂ ਦੀ ਬੈਂਚ ਨੇ ਕਿਹਾ ਕਿ 204 ਅਸਾਮੀਆਂ ਵਿੱਚੋਂ ਹੁਣ ਤੱਕ ਸਿਰਫ 83 ਹੀ ਭਰੀਆਂ ਗਈਆਂ ਹਨ। ਬੈਂਚ ਨੇ ਕਿਹਾ, ‘ਅਸੀਂ ਦਿੱਲੀ ਸਰਕਾਰ ਦੀ ਦਿਖਾਈ ਗਈ ਢਿੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ, ਖਾਸ ਕਰਕੇ ਜਦੋਂ ਦਿੱਲੀ ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ। ਅਸੀਂ ਉਸ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੇ ਹਾਂ ਕਿ ਸਤੰਬਰ 2025 ਤੱਕ ਸਾਰੀਆਂ 204 ਅਸਾਮੀਆਂ ਨੂੰ ਭਰਿਆ ਜਾਵੇ ਤੇ ਇਸ ਸੰਬੰਧੀ ਹਲਫਨਾਮਾ 15 ਅਕਤੂਬਰ ਤੱਕ ਦਾਇਰ ਕੀਤਾ ਜਾਵੇ। ਜੇਕਰ ਸਾਰੀਆਂ ਅਸਾਮੀਆਂ ਨਹੀਂ ਭਰੀਆਂ ਗਈਆਂ ਤਾਂ ਇਹ ਗੰਭੀਰ ਮਾਣਹਾਨੀ ਦਾ ਮਾਮਲਾ ਹੋਵੇਗਾ।’
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 8 ਮਈ ਨੂੰ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਹਰਿਆਣਾ, ਯੂ ਪੀ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡਾਂ ਵਿੱਚ ਖਾਲੀ ਅਸਾਮੀਆਂ ਨਾ ਭਰਨ ਲਈ ਫਟਕਾਰ ਲਗਾਈ ਸੀ।


