ਰਾਹੁਲ ਦਾ ਵਿਦੇਸ਼ ਮੰਤਰੀ ’ਤੇ ਫਿਰ ਹਮਲਾ

0
73

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ’ਤੇ ਸੋਮਵਾਰ ਨਵੇਂ ਸਿਰਿਓਂ ਹੱਲਾ ਬੋਲਦਿਆਂ ਕਿਹਾ ਕਿ ਅਪ੍ਰੇਸ਼ਨ ਸਿੰਧੂਰ ਤਹਿਤ ਫੌਜੀ ਕਾਰਵਾਈ ਬਾਰੇ ਪਾਕਿਸਤਾਨ ਨੂੰ ਅਗਾਊਂ ਦੱਸਣ ਮਗਰੋਂ ਇਸ ਫੌਜੀ ਟਕਰਾਅ ਦੌਰਾਨ ਭਾਰਤ ਦੇ ਨੁਕਸਾਨੇ ਗਏ ਜਹਾਜ਼ਾਂ ਦੀ ਗਿਣਤੀ ਬਾਰੇ ਜੈਸ਼ੰਕਰ ਦੀ ਚੁੱਪੀ ਨਿੰਦਣਯੋਗ ਹੈ। ਰਾਹੁਲ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਰਤ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਟਿਕਾਣਿਆਂ ’ਤੇ ਫੌਜੀ ਹਮਲਿਆਂ ਤੋਂ ਪਹਿਲਾਂ ਪਾਕਿਸਤਾਨ ਨੂੰ ਸੂਚਤ ਕੀਤਾ ਸੀ। ਉਨ੍ਹਾ ਐੱਕਸ ’ਤੇ ਇਕ ਪੋਸਟ ਵਿੱਚ ਕਿਹਾ, ‘ਵਿਦੇਸ਼ ਮੰਤਰੀ ਦੀ ਚੁੱਪੀ ਸਿਰਫ ਦੱਸ ਹੀ ਨਹੀਂ ਰਹੀ, ਬਲਕਿ ਇਹ ਨਿੰਦਣਯੋਗ ਹੈ। ਲਿਹਾਜ਼ਾ ਮੈਂ ਇਕ ਵਾਰ ਫਿਰ ਪੁੱਛਦਾ ਹਾਂ : ਸਾਡੇ ਕਿੰਨੇ ਭਾਰਤੀ ਜਹਾਜ਼ ਨੁਕਸਾਨੇ ਗਏ, ਕਿਉਂਕਿ ਪਾਕਿਸਤਾਨ ਨੂੰ (ਇਨ੍ਹਾਂ ਹਮਲਿਆਂ ਬਾਰੇ) ਪਹਿਲਾਂ ਹੀ ਪਤਾ ਸੀ? ’ ਰਾਹੁਲ ਨੇ ਕਿਹਾ, ‘ਇਹ ਕੋਈ ਭੁੱਲ ਨਹੀਂ ਸੀ। ਇਹ ਇੱਕ ਅਪਰਾਧ ਸੀ ਅਤੇ ਦੇਸ਼ ਸੱਚਾਈ ਦਾ ਹੱਕਦਾਰ ਹੈ।’
ਰਾਹੁਲ ਗਾਂਧੀ ਨੇ ਜੈਸ਼ੰਕਰ ਦੀ ਬਿਨਾਂ ਤਰੀਕ ਵਾਲੀ ਵੀਡੀਓ ਕਲਿੱਪ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ, ‘ਸਾਡੇ ਹਮਲੇ ਦੀ ਸ਼ੁਰੂਆਤ ਤੋਂ ਪਹਿਲਾਂ ਪਾਕਿਸਤਾਨ ਨੂੰ ਇਸ ਬਾਰੇ ਸੂਚਿਤ ਕਰਨਾ ਅਪਰਾਧ ਸੀ। ਵਿਦੇਸ਼ ਮੰਤਰੀ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ ਭਾਰਤ ਸਰਕਾਰ ਨੇ ਇਹ ਕੀਤਾ ਸੀ।’ ਵਿਦੇਸ਼ ਮੰਤਰਾਲੇ ਨੇ ਰਾਹੁਲ ਦੇ ਦਾਅਵਿਆਂ ਨੂੰ ‘ਪੂਰੀ ਤਰ੍ਹਾਂ ਗਲਤ ਪੇਸ਼ਕਾਰੀ’ ਦੱਸਿਆ ਸੀ।