ਨਵੀਂ ਦਿੱਲੀ : ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੇਂਡੂ ਅਰਥਚਾਰੇ ਦੇ ਪ੍ਰਮੁੱਖ ਮਾਹਰਾਂ ਵਿੱਚੋਂ ਇਕ ਅਭਿਜੀਤ ਸੇਨ (72) ਦਾ ਸੋਮਵਾਰ ਰਾਤ ਦੇਹਾਂਤ ਹੋ ਗਿਆ। ਸੇਨ ਦੇ ਭਰਾ ਡਾ. ਪ੍ਰਣਬ ਸੇਨ ਨੇ ਕਿਹਾਅਭਿਜੀਤ ਸੇਨ ਨੂੰ ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪਿਆ। ਅਸੀਂ ਉਨ੍ਹਾ ਨੂੰ ਹਸਪਤਾਲ ਲੈ ਗਏ, ਪਰ ਉਦੋਂ ਤੱਕ ਉਨ੍ਹਾ ਦੀ ਮੌਤ ਹੋ ਚੁੱਕੀ ਸੀ। ਸੇਨ ਦਾ ਕੈਰੀਅਰ ਚਾਰ ਦਹਾਕਿਆਂ ਤੋਂ ਵੱਧ ਦਾ ਸੀ। ਉਨ੍ਹਾ ਆਕਸਫੋਰਡ, ਕੈਂਬਰਿਜ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਪੜ੍ਹਾਇਆ। ਉਹ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਸਮੇਤ ਕਈ ਮਹੱਤਵਪੂਰਨ ਸਰਕਾਰੀ ਅਹੁਦਿਆਂ ’ਤੇ ਰਹੇ। ਸੇਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ 2004 ਤੋਂ 2014 ਤੱਕ ਯੋਜਨਾ ਕਮਿਸ਼ਨ ਦੇ ਮੈਂਬਰ ਰਹੇ। ਸੇਨ ਨੂੰ 2010 ਵਿਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ।