ਰਾਂਚੀ : ਇਥੇ ਇਕ ਰਿਟਾਇਰਡ ਆਈ ਏ ਐੱਸ ਅਫਸਰ ਮਹੇਸ਼ਵਰ ਪਾਤਰਾ ਦੀ ਪਤਨੀ ਤੇ ਭਾਜਪਾ ਆਗੂ ਸੀਮਾ ਪਾਤਰਾ ਦੇ ਘਰੋਂ ਇਕ ਦਿਵਿਆਂਗ ਕੁੜੀ ਨੂੰ ਛੁਡਾਇਆ ਗਿਆ ਹੈ, ਜਿਸ ਨੂੰ ਪਿਛਲੇ 8 ਸਾਲਾਂ ਤੋਂ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਬਦਨਾਮੀ ਹੋਣ ’ਤੇ ਭਾਜਪਾ ਨੇ ਸੀਮਾ ਨੂੰ ਮੁਅੱਤਲ ਕਰ ਦਿੱਤਾ ਹੈ। ਸੀਮਾ ਭਾਜਪਾ ਦੇ ਮਹਿਲਾ ਵਿੰਗ ਦੀ ਕੌਮੀ ਵਰਕਿੰਗ ਕਮੇਟੀ ਦੀ ਮੈਂਬਰ ਵੀ ਸੀ।
ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਕਈ ਸਾਲ ਸੂਰਜ ਦੀ ਰੌਸ਼ਨੀ ਨਹੀਂ ਦੇਖੀ। ਉਸ ਨੂੰ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਉਸ ਨੂੰ ਏਨੇ ਤਸੀਹੇ ਦਿੱਤੇ ਜਾਂਦੇ ਸਨ ਕਿ ਤੁਰਨਾ ਮੁਸ਼ਕਲ ਹੋ ਜਾਂਦਾ ਸੀ। ਉਹ ਫਰਸ਼ ’ਤੇ ਰਿੜ੍ਹ-ਰਿੜ੍ਹ ਕੇ ਚਲਦੀ ਸੀ। ਮਾਲਕਾਂ ਨੇ ਰਾਡ ਮਾਰ ਕੇ ਉਸ ਦੇ ਦੰਦ ਤੋੜ ਦਿੱਤੇ। ਕਦੇ-ਕਦੇ ਗਰਮ ਤਵੇ ਨਾਲ ਵੀ ਜਲਾਉਦੇ ਸਨ। ਕੁੜੀ ਦੇ ਜਲੇ ਹੋਏ ਚਿਹਰੇ ’ਤੇ ਜ਼ਖਮਾਂ ਦੇ ਨਿਸ਼ਾਨ ਹਨ।
ਪਾਤਰਾ ਜੋੜਾ ਵੀ ਆਈ ਪੀ ਇਲਾਕੇ ਅਸ਼ੋਕ ਨਗਰ ਵਿਚ ਰਹਿੰਦਾ ਹੈ। ਪੀੜਤਾ ਸੁਨੀਤਾ ਗੁਮਲਾ ਦੀ ਰਹਿਣ ਵਾਲੀ ਹੈ। ਸੀਮਾ ਪਾਤਰਾ ਦੇ ਦੋ ਬੱਚੇ ਹਨ। ਬੇਟੀ ਵੱਤਸਲ ਦੀ ਦਿੱਲੀ ਵਿਚ ਜੌਬ ਲੱਗੀ ਤਾਂ ਉਹ 10 ਸਾਲ ਪਹਿਲਾਂ ਉਸ ਕੋਲ ਘਰ ਵਿਚ ਕੰਮ ਕਰਨ ਦਿੱਲੀ ਗਈ। ਛੇ ਸਾਲ ਬਾਅਦ ਵੱਤਸਲ ਤੇ ਸੁਨੀਤਾ ਰਾਂਚੀ ਆ ਗਈਆਂ। ਉਦੋਂ ਤੋਂ ਹੀ ਤਸੀਹੇ ਸਹਿਣੇ ਪਏ। ਉਹ ਕੰਮ ਛੱਡਣਾ ਚਾਹੁਦੀ ਸੀ, ਪਰ ਉਸ ਨੂੰ 8 ਸਾਲ ਬੰਦੀ ਬਣਾ ਕੇ ਰੱਖਿਆ ਗਿਆ। ਘਰ ਜਾਣ ਲਈ ਕਹਿੰਦੀ ਤਾਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ। ਬੀਮਾਰ ਹੋਣ ’ਤੇ ਇਲਾਜ ਵੀ ਨਹੀਂ ਕਰਾਇਆ ਜਾਂਦਾ ਸੀ। ਉਸ ਨੂੰ ਫਰਸ਼ ਤੋਂ ਪੇਸ਼ਾਬ ਚੱਟਣ ਲਈ ਵੀ ਮਜਬੂਰ ਕੀਤਾ ਜਾਂਦਾ ਸੀ। ਸੀਮਾ ਦੇ ਪੁੱਤਰ ਆਯੂਸ਼ਮਾਨ ਨੇ ਉਸ ਦੀ ਮਦਦ ਕੀਤੀ, ਜਿਸ ਦੀ ਬਦੌਲਤ ਹੀ ਉਹ ਜ਼ਿੰਦਾ ਹੈ। ਆਯੂਸ਼ਮਾਨ ਨੇ ਇਕ ਦਿਨ ਸੁਨੀਤਾ ਦੀ ਕਹਾਣੀ ਆਪਣੇ ਦੋਸਤ ਨੂੰ ਸੁਣਾਈ। ਦੋਸਤ ਨੇ ਇਸ ਤੋਂ ਬਾਅਦ ਅਰਗੋੜਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਫਿਰ ਪੁਲਸ ਨੇ 29 ਸਾਲ ਦੀ ਸੁਨੀਤਾ ਨੂੰ ਛੁਡਾਇਆ।
ਸੀਮਾ ਪਾਤਰਾ ਦਾ ਪਤੀ ਮਹੇਸ਼ਵਰ ਪਾਤਰਾ ਸੂਬੇ ਵਿਚ ਡਿਵੈੱਲਪਮੈਂਟ ਕਮਿਸ਼ਨਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ। ਸੀਮਾ ਨੂੰ ਭਾਜਪਾ ਦੀ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਦੀ ਸੂਬੇ ਦੀ ਕਨਵੀਨਰ ਵੀ ਬਣਾਇਆ ਸੀ। ਸੀਮਾ ਖਿਲਾਫ ਐੱਸ ਸੀ/ ਐੱਸ ਟੀ ਕਾਨੂੰਨ ਤੋਂ ਇਲਾਵਾ ਤਾਜ਼ੀਰਾਤੇ ਹਿੰਦ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਪੀੜਤਾ ਦੇ ਮੈਡੀਕਲ ਫਿੱਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ, ਤਾਂ ਜੋ ਉਸ ਦੇ ਬਿਆਨ ਕਲਮਬੰਦ ਕੀਤੇ ਜਾ ਸਕਣ। ਉਸ ਦਾ ਵੱਡੇ ਸਰਕਾਰੀ ਹਸਪਤਾਲ ਰਿਮਜ਼ ਵਿਚ ਇਲਾਜ ਚੱਲ ਰਿਹਾ ਹੈ।