ਅਸ਼ੋਕਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਅਲੀ ਖਾਨ ਮਹਿਮੂਦਾਬਾਦ ਵੱਲੋਂ ਭਾਰਤ-ਪਾਕਿਸਤਾਨ ਲੜਾਈ ਦੌਰਾਨ ਦੋ ਮਹਿਲਾ ਫੌਜੀ ਅਫਸਰਾਂ ਕਰਨਲ ਸੋਫੀਆ ਕੁਰੈਸ਼ੀ ਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਵੱਲੋਂ ‘ਅਪ੍ਰੇਸ਼ਨ ਸਿੰਧੂਰ’ ਤਹਿਤ ਫੌਜ ਵੱਲੋਂ ਕੀਤੀ ਗਈ ਕਾਰਵਾਈ ਸੰਬੰਧੀ ਪ੍ਰੈੱਸ ਬ੍ਰੀਫਿੰਗ ਨੂੰ ਲੈ ਕੇ ਫੇਸਬੁਕ ’ਤੇ ਪਾਈ ਪੋਸਟ ਦੇ ਸੰਦਰਭ ਵਿੱਚ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਅਤੇ ਹਰਿਆਣਾ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਤੇ ਪਿੰਡ ਜਠੇਰੀ ਦੇ ਸਰਪੰਚ ਯੋਗੇਸ਼ ਜਠੇਰੀ ਨੇ ਸ਼ਨੀਵਾਰ ਦੀ ਰਾਤ ਸੋਨੀਪਤ ਦੇ ਰਾਈ ਥਾਣੇ ਵਿੱਚ ਵੱਖ-ਵੱਖ ਐੱਫ ਆਈ ਆਰ ਦਰਜ ਕਰਵਾਈਆਂ ਅਤੇ ਪੁਲਸ ਨੇ ਐਤਵਾਰ ਦਿਨ ਚੜ੍ਹਦਿਆਂ ਹੀ ਡਾ. ਮਹਿਮੂਦਾਬਾਦ ਨੂੰ ਦਿੱਲੀ ਸਥਿਤ ਉਸ ਦੇ ਘਰੋਂ ਗਿ੍ਰਫਤਾਰ ਕਰ ਲਿਆ। ਯੋਗੇਸ਼ ਜਠੇਰੀ ਨੇ ਸ਼ਿਕਾਇਤ ਕੀਤੀ ਸੀ ਕਿ ਡਾ. ਮਹਿਮੂਦਾਬਾਦ ਨੇ ਅਪ੍ਰੇਸ਼ਨ ਸਿੰਧੂਰ ਬਾਰੇ ਜੋ ਲਿਖਿਆ, ਉਸ ਨਾਲ ਉਸ ਨੂੰ ਬਹੁਤ ਦੁੱਖ ਪੁੱਜਾ ਹੈ। ਰੇਣੂ ਭਾਟੀਆ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਡਾ. ਮਹਿਮੂਦਾਬਾਦ ਨੇ ਸੋਫੀਆ ਕੁਰੈਸ਼ੀ ਤੇ ਵਯੋਮਿਕਾ ਸਿੰਘ ਦਾ ਮਹਿਲਾ ਹੋਣ ਕਰਕੇ ਨਿਰਾਦਰ ਕੀਤਾ। ਸੋਨੀਪਤ ਦੀ ਪੁਲਸ ਨੇ ਭਾਜਪਾ ਆਗੂ ਦੇ ਦੁੱਖ ਨੂੰ ਸਮਝਿਆ ਤੇ ਉਸ ਦੀ ਸ਼ਿਕਾਇਤ ਨੂੰ ਜਾਇਜ਼ ਪਾਇਆ। ਉਸ ਨੇ ਡਾ. ਮਹਿਮੂਦਾਬਾਦ ’ਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਨਫਰਤ ਪੈਦਾ ਕਰਨ, ਕੌਮੀ ਏਕਤਾ ਭੰਗ ਕਰਨ, ਦੇਸ਼ ਦੀ ਪ੍ਰਭੂਸੱਤਾ ਨੂੰ ਖਤਰਾ ਪੈਦਾ ਕਰਨ, ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਤੇ ਰਾਜਧ੍ਰੋਹ ਦੇ ਦੋਸ਼ ਜੜ ਦਿੱਤੇ। ਏਨਾ ‘ਸੰਗੀਨ ਅਪਰਾਧ’ ਕਰਨ ਦੇ ਬਾਅਦ ਡਾ. ਮਹਿਮੂਦਾਬਾਦ ਨੂੰ ਕਿਵੇਂ ਛੱਡਿਆ ਜਾ ਸਕਦਾ ਸੀ? ਸੋ ਰਾਤ ਬੀਤਦਿਆਂ ਹੀ ਉਸ ਨੂੰ ਦਿੱਲੀ ਤੋਂ ਚੁੱਕਣ ਪੁਲਸ ਪੁੱਜ ਗਈ।
ਡਾ. ਮਹਿਮੂਦਾਬਾਦ ਦੀ ਜਿਹੜੀ ਪੋਸਟ ਨੇ ਭਾਜਪਾ ਆਗੂ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਦੁਖੀ ਕੀਤਾ, ਉਹ ਇਹ ਹੈ, ‘ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਏਨੇ ਸਾਰੇ ਸੱਜ-ਪਿਛਾਖੜੀ ਟਿੱਪਣੀਕਾਰ ਕਰਨਲ ਸੋਫੀਆ ਕੁਰੈਸ਼ੀ ਦੀ ਸ਼ਲਾਘਾ ਕਰ ਰਹੇ ਹਨ, ਪਰ ਸ਼ਾਇਦ ਉਹ ਓਨੀ ਹੀ ਜ਼ੋਰ ਨਾਲ ਇਹ ਮੰਗ ਕਰ ਸਕਦੇ ਹਨ ਕਿ ਭੀੜ ਵੱਲੋਂ ਹੱਤਿਆ, ਮਨਮਾਨੇ ਢੰਗ ਨਾਲ ਬੁਲਡੋਜ਼ਰ ਚਲਾਉਣ ਤੇ ਭਾਜਪਾ ਦੀ ਨਫਰਤੀ ਮੁਹਿੰਮ ਦੇ ਸ਼ਿਕਾਰ ਲੋਕਾਂ ਨੂੰ ਭਾਰਤੀ ਨਾਗਰਿਕਾਂ ਦੇ ਰੂਪ ਵਿੱਚ ਸੁਰੱਖਿਆ ਦਿੱਤੀ ਜਾਵੇ। ਦੋ ਮਹਿਲਾ ਫੌਜੀਆਂ ਵੱਲੋਂ ਆਪਣਾ ਪੱਖ ਪੇਸ਼ ਕਰਨ ਦਾ ਦਿ੍ਰਸ਼ ਅਹਿਮ ਹੈ, ਪਰ ਉਸ ਦਿ੍ਰਸ਼ ਨੂੰ ਜ਼ਮੀਨ ’ਤੇ ਹਕੀਕਤ ਵਿੱਚ ਬਦਲਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਰਫ ਪਖੰਡ ਹੈ।’ ਇਸ ਵਿੱਚ ਕੀ ਹੈ, ਜਿਸ ਨਾਲ ਦੋ ਭਾਈਚਾਰਿਆਂ ਵਿਚਾਲੇ ਵੈਰ ਫੈਲੇ ਜਾਂ ਕਿਸੇ ਧਾਰਮਕ ਸਮੂਹ ਦੀਆਂ ਭਾਵਨਾਵਾਂ ਨੂੰ ਸੱਟ ਪੁੱਜੇ? ਡਾ. ਮਹਿਮੂਦਾਬਾਦ ਨੇ ਇਹ ਵੀ ਲਿਖਿਆ ਸੀ, ‘ਮੇਰੇ ਲਈ ਇਹ ਪ੍ਰੈੱਸ ਕਾਨਫਰੰਸ ਇਕ ਝਲਕ ਸੀ, ਸ਼ਾਇਦ ਇੱਕ ਭਰਮ ਤੇ ਸੰਕੇਤ, ਇੱਕ ਅਜਿਹੇ ਭਾਰਤ ਦੀ ਜਿਹੜਾ ਉਸ ਤਰਕ ਨੂੰ ਚੁਣੌਤੀ ਦਿੰਦਾ ਹੈ, ਜਿਸ ’ਤੇ ਪਾਕਿਸਤਾਨ ਦਾ ਨਿਰਮਾਣ ਹੋਇਆ ਸੀ। ਜਿਵੇਂ ਕਿ ਮੈਂ ਕਿਹਾ ਕਿ ਆਮ ਮੁਸਲਮਾਨਾਂ ਦੇ ਸਾਹਮਣੇ ਜੋ ਜ਼ਮੀਨੀ ਹਕੀਕਤ ਹੈ, ਉਹ ਉਸ ਤੋਂ ਅੱਡ ਹੈ, ਜਿਸ ਨੂੰ ਸਰਕਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਨਾਲ ਹੀ ਪ੍ਰੈੱਸ ਕਾਨਫਰੰਸ ਤੋਂ ਪਤਾ ਲੱਗਦਾ ਹੈ ਕਿ ਆਪਣੀ ਵਿਵਿਧਤਾ ਵਿੱਚ ਇੱਕਜੁੱਟ ਭਾਰਤ ਇੱਕ ਵਿਚਾਰ ਦੇ ਰੂਪ ਵਿੱਚ ਪੂਰੀ ਤਰ੍ਹਾਂ ਨਾਲ ਮਰਿਆ ਨਹੀਂ।’ ਇਸ ਟਿੱਪਣੀ ਵਿੱਚ ਕੀ ਹੈ, ਜਿਸ ਨਾਲ ਭਾਰਤ ਦੀ ਪ੍ਰਭੂਸੱਤਾ ਨੂੰ ਖਤਰਾ ਪੁੱਜਦਾ ਹੈ? ਡਾ. ਮਹਿਮੂਦਾਬਾਦ ਰਾਜਧੋ੍ਰਹ ’ਤੇ ਉਤਾਰੂ ਹੈ, ਇਨ੍ਹਾਂ ਟਿੱਪਣੀਆਂ ਨੂੰ ਪੜ੍ਹ ਕੇ ਇਸ ਨਤੀਜੇ ’ਤੇ ਤੁਸੀਂ ਕਿਵੇਂ ਪੁੱਜ ਸਕਦੇ ਹੋ, ਜੇ ਤੁਸੀਂ ਇੱਕ ਵਿਵੇਕਵਾਨ ਵਿਅਕਤੀ ਜਾਂ ਸੰਸਥਾ ਹੋ? ਪਰ ਜੋ ਲੋਕ ਭਾਰਤੀ ਪੁਲਸ ਨੂੰ ਜਾਣਦੇ ਹਨ, ਉਹ ਤੁਹਾਨੂੰ ਕਹਿਣਗੇ ਕਿ ਵਿਚਾਰੀ ਪੁਲਸ ’ਤੇ ਵਿਵੇਕਵਾਨ ਹੋਣ ਦਾ ‘ਦੋਸ਼’ ਤੁਸੀਂ ਕਿਵੇਂ ਲਾ ਸਕਦੇ ਹੋ?
ਦਰਅਸਲ ਡਾ. ਮਹਿਮੂਦਾਬਾਦ ਨੇ ਜੋ ਲਿਖਿਆ, ਉਹ ਪਿਛਲੇ ਦਿਨਾਂ ਵਿੱਚ ਅਣਗਿਣਤ ਲੋਕ ਲਿਖ ਤੇ ਕਹਿ ਚੁੱਕੇ ਹਨ। ਲੋਕਾਂ ਨੇ ਜਦ ਭਾਰਤ ਦਾ ਪੱਖ ਰੱਖਣ ਲਈ ਇੱਕ ਮੁਸਲਮਾਨ ਅਧਿਕਾਰੀ ਨੂੰ ਮੰਚ ’ਤੇ ਦੇਖਿਆ ਤਾਂ ਹੈਰਾਨ ਰਹਿ ਗਏ। ਇਸ ਸ਼ਾਸਨਕਾਲ ਵਿੱਚ ਇੱਕ ਮੁਸਲਮ ਭਾਰਤ ਦੀ ਤਰਜਮਾਨ ਹੋ ਸਕਦੀ ਹੈ, ਇਹ ਏਨੀ ਅਸਾਧਾਰਨ ਗੱਲ ਮੰਨੀ ਗਈ ਕਿ ਸਭ ਨੇ ਸਰਕਾਰ ਦੀ ਪਿੱਠ ਥਪਥਪਾਈ, ਪਰ ਤਾਰੀਫ ਦੇ ਨਾਲ ਬਹੁਤਿਆਂ ਨੇ ਇਹ ਵੀ ਕਿਹਾ ਕਿ ਇਹ ਪ੍ਰਤੀਕਾਤਮਕਤਾ ਤਾਂ ਠੀਕ ਹੈ, ਪਰ ਇਸ ਨੂੰ ਜ਼ਮੀਨੀ ਹਕੀਕਤ ਵਿੱਚ ਵੀ ਤਬਦੀਲ ਹੋਣਾ ਚਾਹੀਦਾ ਹੈ, ਯਾਨੀ ਮੁਸਲਮਾਨਾਂ ਨੂੰ ਇੱਜ਼ਤ ਨਾਲ ਜਿਊਣ ਦਾ ਹੱਕ ਮਿਲਣਾ ਚਾਹੀਦਾ ਹੈ, ਪਰ ਡਾ. ਮਹਿਮੂਦਾਬਾਦ ਦੀ ਗੱਲ ਨੂੰ ਪੁਲਸ ਜੁਰਮ ਠਹਿਰਾ ਰਹੀ ਹੈ। ਇਸ ਦਾ ਇੱਕ ਕਾਰਨ ਹੈ : ਡਾ. ਅਲੀ ਖਾਨ ਮੁਸਲਮਾਨ ਹੈ। ਮੁਸਲਮਾਨ ਹੋਣਾ ਭਾਰਤ ਵਿੱਚ ਅੱਜ ਆਪਣੇ ਆਪ ਵਿੱਚ ਜੁਰਮ ਹੈ। ਦੂਜਾ ਜੁਰਮ ਇਹ ਹੈ ਕਿ ਉਹ ਦਿਮਾਗ ਰੱਖਦਾ ਹੈ, ਖੁਦ ਸੋਚਦਾ ਹੈ ਤੇ ਉਸ ਨੂੰ ਪ੍ਰਗਟ ਵੀ ਕਰਦਾ ਹੈ। ਜੇ ਤੁਸੀਂ ਮੁਸਲਮਾਨ ਹੋ ਤਾਂ ਤੁਹਾਨੂੰ ਸ਼ਾਇਦ ਆਮ ਤੌਰ ’ਤੇ ਸਾਹ ਲੈਣ ਦੀ ਛੋਟ ਹੈ, ਪਰ ਆਪਣਾ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਤੁਹਾਡੇ ਕੋਲ ਨਹੀਂ। ਉਮਰ ਖਾਲਿਦ, ਸ਼ਰਜੀਲ ਇਮਾਮ, ਖਾਲਿਦ ਸੈਫੀ, ਇਸ਼ਰਤ ਜਹਾਂ, ਗੁਲਫਿਸ਼ਾ ਫਾਤਿਮਾ, ਮੀਰਾਨ ਹੈਦਰ, ਸਿੱਦੀਕ ਕੱਪਨ ਤੇ ਦਰਜਨਾਂ ਮੁਸਲਮ ਬੁੱਧੀਜੀਵੀਆਂ ਦੇ ਨਾਲ ਪਿਛਲੇ 11 ਸਾਲਾਂ ਵਿੱਚ ਜੋ ਕੀਤਾ ਗਿਆ ਹੈ, ਡਾ. ਮਹਿਮੂਦਾਬਾਦ ਦੀ ਗਿ੍ਰਫਤਾਰੀ ਉਸੇ ਸਿਲਸਿਲੇ ਦੀ ਇੱਕ ਕੜੀ ਹੈ। ਡਾ. ਮਹਿਮੂਦਾਬਾਦ ਦੇ ਮਾਮਲੇ ਵਿੱਚ ਇੱਕ ਗੱਲ ਹੋਰ ਹੈ ਕਿ ਉਹ ਮੁਸਲਮਾਨ ਤਾਂ ਹੈ, ਪਰ ਨਵਾਬੀ ਖਾਨਦਾਨ ਦਾ ਵਾਰਸ ਵੀ ਹੈ। ਵਿਦੇਸ਼ ਤੋਂ ਪੜ੍ਹ ਕੇ ਆਇਆ ਹੈ। ਉਸ ਦੀ ਗਿ੍ਰਫਤਾਰੀ ਨਾਲ ਮੁਸਲਮਾਨਾਂ ਨੂੰ ਇਹ ਸੰਕੇਤ ਦਿੱਤਾ ਗਿਆ ਹੈ ਕਿ ਤੁਹਾਡੇ ਕਿਸੇ ਮੋਹਤਬਰ ਦੀ ਸਾਡੇ ਸਾਹਮਣੇ ਕੋਈ ਔਕਾਤ ਨਹੀਂ। ਡਾ. ਮਹਿਮੂਦਾਬਾਦ ਨੂੰ ਮੁਸਲਮਾਨ ਸ਼ਾਨ ਨਾਲ ਆਪਣਾ ਨੁਮਾਇੰਦਾ ਕਹਿ ਸਕਦੇ ਹਨ, ਪਰ ਅੱਜ ਦਾ ਹਿੰਦੂਤਵੀ ਭਾਰਤੀ ਰਾਜਤੰਤਰ ਉਸ ਨੂੰ ਜੇਲ੍ਹ ਵਿੱਚ ਧੱਕ ਸਕਦਾ ਹੈ। ਪਿਛਲੇ ਸਾਲਾਂ ਵਿੱਚ ਦੇਖਿਆ ਗਿਆ ਹੈ ਕਿ ਮੁਸਲਮਾਨਾਂ ਦੇ ਸਥਾਨਕ ਆਗੂਆਂ ਨੂੰ ਗਿ੍ਰਫਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਘਰ ਜ਼ਮੀਨਦੋਜ਼ ਕਰ ਦਿੱਤੇ ਗਏ। ਇਸ ਤਰ੍ਹਾਂ ਮੁਸਲਮਾਨਾਂ ਨੂੰ ਬਿਲਕੁਲ ਖਾਮੋਸ਼ ਕਰ ਦੇਣ ਤੇ ਆਗੂ-ਹੀਣ ਕਰ ਦੇਣ ਦੀ ਨਿਰੰਤਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਸਭ ਤੋਂ ਤਾਜ਼ਾ ਸ਼ਿਕਾਰ ਡਾ. ਮਹਿਮੂਦਾਬਾਦ ਬਣਿਆ ਹੈ। ਲੋਕ ਕਹਿ ਰਹੇ ਹਨ ਕਿ ਡਾ. ਮਹਿਮੂਦਾਬਾਦ ਦੀਆਂ ਟਿੱਪਣੀਆਂ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ। ਉਹ ਠੀਕ ਕਹਿ ਰਹੇ ਹਨ, ਪਰ ਇਹ ਅਦਾਲਤਾਂ ਨੂੰ ਦੱਸਣਾ ਪਵੇਗਾ ਤੇ ਅਦਾਲਤਾਂ ਨੂੰ ਵੀ ਸਮਝਣਾ ਪਵੇਗਾ। ਅਸਲੀ ਮਸਲਾ ਡਾ. ਮਹਿਮੂਦਾਬਾਦ ਦੀ ਗਿ੍ਰਫਤਾਰੀ ਉਸ ਨੂੰ ਤੇ ਸਾਰੇ ਬੁੱਧੀਜੀਵੀ ਮੁਸਲਮਾਨਾਂ ਨੂੰ ਧਮਕੀ ਹੈ ਕਿ ਉਹ ਕੁਝ ਵੀ ਬੋਲਣ ਦੀ ਜੁਰਅਤ ਕਿਵੇਂ ਕਰ ਸਕਦੇ ਹਨ। ਇਹ ਗਿ੍ਰਫਤਾਰੀ ਮੁਸਲਮਾਨਾਂ ’ਤੇ ਦੋਤਰਫਾ ਹਮਲਾ ਹੈ : ਭਾਜਪਾ ਅਹੁਦੇਦਾਰ ਜਿਹੇ ‘ਨਾਗਰਿਕ’ ਤੇ ਹਰਿਆਣਾ ਮਹਿਲਾ ਕਮਿਸ਼ਨ ਵਰਗੇ ਸੰਸਥਾਨ, ਦੋਨੋਂ ਹੀ ਘੇਰ ਕੇ ਹਮਲਾ ਕਰਨਗੇ। ਕੀ ਦੇਸ਼ ਵਿੱਚ ਰਹਿਣ ਵਾਲੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਇਹ ਸਭ ਦੇਖਦੇ ਰਹਿਣਗੇ ਜਾਂ ਮੁਸਲਮਾਨਾਂ ਨੂੰ ਬੇਜ਼ੁਬਾਨ ਕਰਨ ਦੀ ਇਸ ਸਿਆਸੀ ਮੁਹਿੰਮ ਖਿਲਾਫ ਕੁਝ ਕਰਨਗੇ। ਭਲਕ ਨੂੰ ਹੋਰਨਾਂ ਭਾਈਚਾਰਿਆਂ ਦੇ ਬੁੱਧੀਜੀਵੀਆਂ ਨਾਲ ਵੀ ਡਾ. ਮਹਿਮੂਦਾਬਾਦ ਵਰਗਾ ਸਲੂਕ ਹੋ ਸਕਦਾ ਹੈ।



