ਦੇਹਰਾਦੂਨ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਐਤਵਾਰ ਸੰਗਤ ਵਾਸਤੇ ਖੋਲ੍ਹ ਦਿੱਤੇ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਪਹਿਲੇ ਦਿਨ ਲਗਭਗ 5 ਹਜ਼ਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਫਿਲਹਾਲ ਬਰਫ ਜੰਮੀ ਹੋਈ ਹੈ, ਪਰ ਸੰਗਤਾਂ ਨੇ ਸ਼ਰਧਾ ਭਾਵ ਨਾਲ ਸਰੋਵਰ ਵਿੱਚ ਇਸ਼ਨਾਨ ਕੀਤਾ। ਫਿਲਹਾਲ ਮੌਜੂਦਾ ਸਥਿਤੀ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਯਾਤਰਾ ’ਤੇ ਆਉਣ ਤੋਂ ਸੰਕੋਚ ਕਰਨ ਲਈ ਕਿਹਾ ਗਿਆ ਹੈ।
ਬਲੋਚ ਪੱਤਰਕਾਰ ਦੀ ਹੱਤਿਆ
ਕਰਾਚੀ : ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਸਨਿੱਚਰਵਾਰ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਨੇ ਪੱਤਰਕਾਰ ਅਬਦੁੱਲ ਲਤੀਫ ਬਲੋਚ, ਜੋ ਕੋਇਟਾ ਅਧਾਰਤ ਅਖਬਾਰ ‘ਡੇਲੀ ਇੰਤੇਖਾਬ’ ਲਈ ਕੰਮ ਕਰਦਾ ਸੀ, ਦੇ ਘਰ ’ਚ ਦਾਖਲ ਹੋ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਗੋਲੀ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਮਹੀਨੇ ਪਹਿਲਾਂ ਇਸ ਪੱਤਰਕਾਰ ਦੇ ਵੱਡੇ ਬੇਟੇ ਨੂੰ ਵੀ ਅਗਵਾ ਕਰ ਲਿਆ ਗਿਆ ਸੀ, ਜਿਸ ਦੀ ਬਾਅਦ ’ਚ ਲਾਸ਼ ਮਿਲੀ ਸੀ।
ਪੰਜਾਬ ’ਚ ਪਹਿਲਾ ਕੇਸ
ਮੁਹਾਲੀ : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦਾ ਹੈ, ਜੋ ਮੁਹਾਲੀ ’ਚ ਇੱਕ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਆਇਆ ਸੀ। ਉਸ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ।


