ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨੇ ਐਤਵਾਰ ਗਦਰ ਪਾਰਟੀ ਦੇ ਇਤਿਹਾਸਕ ਵਿਰਸੇ ਦੇ ਵਰਕੇ ਫਰੋਲਦਿਆਂ ਬਹੁਤ ਹੀ ਸੰਵੇਦਨਾ ਨਾਲ ਇਹ ਮਹਿਸੂਸ ਕੀਤਾ ਕਿ ਗ਼ਦਰੀ ਦੇਸ਼ ਭਗਤਾਂ ਦੇ ਮੂਲ਼ ਉਦੇਸ਼ਾਂ ਵਿੱਚ ਇਹ ਪ੍ਰਮੁੱਖ ਨੁਕਤਾ ਸੀ ਕਿ ਗ਼ਦਰੀਆਂ ਦੇ ਵਾਰਸਾਂ ਨੂੰ ਦੁਨੀਆ ਅੰਦਰ ਕਿਤੇ ਵੀ ਮਾਨਵੀ ਜਾਤੀ ਉਪਰ ਭੀੜ ਪਵੇ, ਕਿਤੇ ਵੀ ਲੋਕਾਂ ਨੂੰ ਦਬਾਇਆ ਜਾਵੇ ਤਾਂ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ।
ਕਮੇਟੀ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ ਰੁਝਾਨ ਹੈ ਕਿ ਦੁਨੀਆ ਖਾਮੋਸ਼ੀ ਦੀ ਚਾਦਰ ਲੈ ਕੇ ਸੌਂ ਜਾਣ ਦੀ ਕਿਵੇਂ ਆਦੀ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਇਨ੍ਹਾਂ ਕਾਲੀਆਂ ਰਾਤਾਂ ਵਿੱਚ ਟਿਮਟਿਮਾਉਦੇ ਜੁਗਨੂੰ ਵੀ ਆਪਣੇ ਨੈਤਿਕ ਫਰਜ਼ਾਂ ਦੀ ਪੂਰਤੀ ਕਰ ਰਹੇ ਨੇ, ਪਰ ਇਹ ਪਹਿਲੇ ਕਿਸੇ ਸਮੇਂ ਨਾਲੋਂ ਵੀ ਕਿਤੇ ਵਧੇਰੇ ਖਤਰਨਾਕ ਅਤੇ ਸੰਵੇਦਨਹੀਣਤਾ ਦਾ ਪ੍ਰਗਟਾਵਾ ਹੋ ਰਿਹਾ ਹੈ ਕਿ ਦੁਨੀਆ ਦੀਆਂ ਅੱਖਾਂ ਦੇ ਸਾਹਮਣੇ ਪੂਰੀ ਦੀ ਪੂਰੀ ਗਾਜ਼ਾ ਪੱਟੀ ਅੰਦਰ ਮੁਕੰਮਲ ਨਸਲਕੁਸ਼ੀ ਅਤੇ ਗਾਜ਼ਾ ਨੂੰ ਖੰਡਰ ਬਣਾ ਕੇ ਅਮਰੀਕੀ ਹੁਕਮਰਾਨਾਂ ਦੀ ਸ਼ਹਿ ’ਤੇ ਇਜ਼ਰਾਈਲ ਦੇ ਹਾਕਮ ਹਰ ਤਰ੍ਹਾਂ ਦੀ ਜੰਗ ਦਾ ਕਿਤੇ ਵਧੇਰੇ ਕਰੁਣਾਮਈ ਰੂਪ ਲੋਕਾਂ ਉਪਰ ਲੱਦ ਰਹੇ ਹਨ। ਭੁੱਖਮਰੀ ਦੀ ਜੰਗ, ਬਾਰੂਦੀ ਵਰਖਾ ਦੀ ਜੰਗ ਚੋਣਵਾਂ ਨਿਸ਼ਾਨਾ ਬਣਾ ਕੇ ਹਸਪਤਾਲਾਂ, ਸਕੂਲਾਂ ਅਤੇ ਸ਼ਰਨਾਰਥੀ ਕੈਂਪਾਂ ਨੂੰ ਬਾਰੂਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖਾਸ ਕਰਕੇ ਨਵਜੰਮੇ ਅਤੇ ਸਕੂਲਾਂ ਵਿੱਚ ਪੜ੍ਹਦੇ ਬੱਚੇ ਬੁਰੀ ਤਰ੍ਹਾਂ ਮੌਤ ਦੀ ਗੋਦ ਵਿੱਚ ਸੁਲਾਏ ਜਾ ਰਹੇ ਹਨ ।
ਕਮੇਟੀ ਆਗੂਆਂ ਕਿਹਾ ਕਿ ਬਹੁਤ ਹੀ ਦੁੱਖ਼ ਨਾਲ ਕਹਿਣਾ ਪੈ ਰਿਹਾ ਹੈ ਕਿ ਕੌਮਾਂਤਰੀ ਪੱਧਰ ਦੀਆਂ ਮਾਨਵ ਦਰਦੀ ਕਹਾਉਣ ਦਾ ਦਮ ਭਰਦੀਆਂ ਸੰਸਥਾਵਾਂ ਦੇ ਅੱਖਾਂ ਸਾਹਮਣੇ ਦਿਨ-ਦੀਵੀ ਇਹ ਭੁੱਖਮਰੀ ਨਾਲ਼ ਵਿਲ੍ਹਕ-ਵਿਲ੍ਹਕ ਕੇ ਬੱਚੇ ਮਰ ਰਹੇ ਹਨ, ਉਪਰੋਂ ਕਹਿਰ ਦੇ ਝੱਖੜ ਝੁੱਲ ਰਹੇ ਹਨ।
ਕਮੇਟੀ ਨੇ ਸਾਹਮਣੇ ਆ ਰਹੀਆਂ ਹਕੀਕਤਾਂ ਦੇ ਹਵਾਲੇ ਨਾਲ਼ ਕਿਹਾ ਹੈ ਕਿ ਗਾਜ਼ਾ ਦੀ ਮੁਕੰਮਲ ਨਾਕਾਬੰਦੀ ਕਰਕੇ ਪਾਣੀ, ਖਾਧ-ਖੁਰਾਕ ਅਤੇ ਦਵਾਈਆਂ ਉਪਰ ਮੁਕੰਮਲ ਰੋਕਾਂ ਮੜ੍ਹ ਕੇ ਲੱਖਾਂ ਹੀ ਬੱਚਿਆਂ ਨੂੰ ਤੜਫ਼ਦੇ ਹੋਏ ਮੌਤ ਦੇ ਪੰਜਿਆਂ ਵਿਚ ਧੱਕਿਆ ਜਾ ਰਿਹਾ ਹੈ।
ਆਗੂਆਂ ਕਿਹਾ ਕਿ 48 ਘੰਟੇ ਦੇ ਅੰਦਰ-ਅੰਦਰ ਕੋਈ 14 ਲੱਖ ਤੋਂ ਵੱਧ ਬੱਚੇ ਭੁੱਖ ਕਾਰਨ ਫ਼ਲਸਤੀਨ ਦੀ ਮਿੱਟੀ ’ਚ ਸਦਾ ਦੀ ਨੀਂਦ ਸੌਂ ਜਾਣਗੇ, ਇਸ ਲਈ ਦੁਨੀਆ ਦੀ ਆਵਾਜ਼ ਉਠਣਾ ਲਾਜ਼ਮੀ ਹੈ।
ਇਸ ਦਰਦਨਾਕ ਦਿ੍ਰਸ਼ ਅੱਗੇ ਅਮਰੀਕੀ-ਇਜ਼ਰਾਇਲੀ ਹਾਕਮਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਇਹ ਹਕੀਕਤ ਹੈ ਕਿ ਫ਼ਲਸਤੀਨ ਦੇ ਅੰਦਰੋਂ ਇਜ਼ਰਾਇਲ ਦੇ ਸਾਰੇ ਬੰਦੀ ਰਿਹਾਅ ਕਰ ਦਿੱਤੇ ਹਨ ਅਤੇ ਉਹ ਫ਼ਲਸਤੀਨ ਦੀ ਤਹਿਜ਼ੀਬ ਤੋਂ ਅਸ਼ਕੇ ਜਾ ਰਹੇ ਹਨ, ਪਰ ਇਹਦੇ ਬਾਵਜੂਦ ਗੋਲਾਬੰਦੀ ਉਪਰ ਕੋਈ ਰੋਕ ਨਹੀਂ ਲਾਈ ਗਈ।
ਕਮੇਟੀ ਦਾ ਕਹਿਣਾ ਹੈ ਗਾਜ਼ਾ ਫ਼ਲਸਤੀਨ ਦਾ ਨੇੜਿਓਂ ਜਾਇਜ਼ਾ ਲੈਣ ਆਏ ਕਈ ਮੁਲਕਾਂ ਦੇ ਨੁਮਾਇੰਦਿਆਂ ਨੂੰ ਵੀ ਗਾਜ਼ਾ ਤੋਂ ਭੱਜਣ ਲਈ ਮਜਬੂਰ ਕੀਤਾ ਗਿਆ।
ਇੰਡੀਅਨ ਵਰਕਰਜ਼ ਫਾਰ ਪੀਸ ਐਂਡ ਡਿਵੈੱਲਪਮੈਂਟ ਦੇ ਸ੍ਰਪਰਸਤ ਡਾਕਟਰ ਐੱਸ ਐੱਸ ਸੂਦਨ, ਪ੍ਰਧਾਨ ਡਾ. ਅਰੁਣ ਮਿੱਤਰਾ ਅਤੇ ਜਨਰਲ ਸਕੱਤਰ ਡਾਕਟਰ ਸ਼ਕੀਲ ਰਹਿਮਾਨ ਤੋਂ ਪ੍ਰਾਪਤ ਜਾਣਕਾਰੀ ਦੇ ਹਵਾਲੇ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀ ਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗਾਜ਼ਾ ਦੇ ਬਹੁਤ ਹੀ ਗੈਰ-ਮਾਨਵੀ ਅਤੇ ਪੀੜਾਦਾਇਕ ਹਾਲਾਤ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਮੱਦੇਨਜ਼ਰ ਦੇਸ਼ ਭਗਤ ਕਮੇਟੀ ਨੇ ਦੁਨੀਆ ਭਰ ਦੀਆਂ ਸਭਨਾਂ ਮਾਨਵਵਾਦੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ੋਰਦਾਰ ਆਵਾਜ਼ ਉਠਾ ਕੇ ਮੰਗ ਕਰਨ ਕੇ ਫ਼ਲਸਤੀਨ ਦੇ ਅੰਦਰੋਂ ਇਜ਼ਰਾਇਲ ਦੀਆਂ ਫੌਜਾਂ ਤੁਰੰਤ ਬਾਹਰ ਜਾਣ, ਫਲਸਤੀਨ ਨੂੰ ਫ਼ਲਸਤੀਨੀਆਂ ਦੇ ਹਵਾਲੇ ਕੀਤਾ ਜਾਏ, ਨਾਕਾਬੰਦੀ ਖਤਮ ਕੀਤੀ ਜਾਏ, ਸੈਨਿਕ ਬਲ ਤੁਰੰਤ ਵਾਪਸ ਬੁਲਾਏ ਜਾਣ, ਫਲਸਤੀਨੀਆਂ ’ਤੇ ਲਾਈਆਂ ਸਭ ਰੋਕਾਂ ਖਤਮ ਕੀਤੀਆਂ ਜਾਣ ਅਤੇ ਸਭ ਤੋਂ ਪਹਿਲਾਂ ਭੁੱਖਮਰੀ ਦੇ ਜਬਾੜ੍ਹਿਆਂ ਵਿੱਚ ਆਏ ਫ਼ਲਸਤੀਨੀ ਲੋਕਾਂ ਲਈ ਖਾਧ-ਖੁਰਾਕ, ਦਵਾਈਆਂ, ਪਾਣੀ ਆਦਿ ਬਿਨਾਂ ਰੋਕ-ਟੋਕ ਪਹੁੰਚਣ ਦੀ ਜ਼ਾਮਨੀ ਕੀਤੀ ਜਾਵੇ, ਹਸਪਤਾਲਾਂ ਦਾ ਭਰੋਸੇਯੋਗ ਪ੍ਰਬੰਧ ਕੀਤਾ ਜਾਵੇ, ਦੁਨੀਆ ਭਰ ’ਚੋਂ ਗਾਜ਼ਾ ਵਾਸੀਆਂ ਦੇ ਇਲਾਜ ਅਤੇ ਜੀਵਨ ਸੁਰੱਖਿਆ ਲਈ ਸਹਾਇਤਾ ਟੀਮਾਂ ਨੂੰ ਸਾਜ਼ੋ-ਸਾਮਾਨ ਲੈ ਕੇ ਜਾਣ ਦੀ ਖੁੱਲ੍ਹ ਦਿੱਤੀ ਜਾਵੇ।




