ਚੰਡੀਗੜ੍ਹ : ਪੰਜਾਬ ਦੇ ਅਸੈਂਬਲੀ ਹਲਕਾ ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਲਈ ਵੋਟਿੰਗ 19 ਜੂਨ ਨੂੰ ਹੋਵੇਗੀ। ਇਹ ਐਲਾਨ ਭਾਰਤੀ ਚੋਣ ਕਮਿਸ਼ਨ ਨੇ ਐਤਵਾਰ ਚਾਰ ਰਾਜਾਂ ਵਿੱਚ ਪੰਜ ਅਸੈਂਬਲੀ ਹਲਕਿਆਂ ਦੀ ਜ਼ਿਮਨੀ ਚੋਣ ਦਾ ਐਲਾਨ ਕਰਨ ਵੇਲੇ ਕੀਤਾ। ਨਾਮਜ਼ਦਗੀਆਂ 26 ਮਈ ਤੋਂ 2 ਜੂਨ ਤੱਕ ਭਰੀਆਂ ਜਾਣਗੀਆਂ। ਤਿੰਨ ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 5 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਵੋਟਾਂ ਦੀ ਗਿਣਤੀ 23 ਜੂਨ ਨੂੰ ਕੀਤੀ ਜਾਵੇਗੀ।
‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ‘ਆਪ’ ਨੇ ਇਸ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ।
ਕਾਂਗਰਸ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਉਮੀਦਵਾਰ ਹਨ। ਭਾਜਪਾ ਨੇ ਹਾਲੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਚੋਣ ਕਮਿਸ਼ਨ ਨੇ ਪੰਜਾਬ ਦੇ ਨਾਲ-ਨਾਲ ਗੁਜਰਾਤ ਦੀਆਂ ਦੋ ਸੀਟਾਂ, ਕੇਰਲਾ ਤੇ ਪੱਛਮੀ ਬੰਗਾਲ ਦੀ ਇੱਕ-ਇੱਕ ਸੀਟ ’ਤੇ ਜ਼ਿਮਨੀ ਚੋਣ 19 ਜੂਨ ਨੂੰ ਹੀ ਕਰਵਾਉਣ ਦਾ ਐਲਾਨ ਕੀਤਾ ਹੈ।


