ਗਾਂਧੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸਵੇਰੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿੂਰ ਨੂੰ ਉਨ੍ਹਾ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇੱਥੇ ਇੱਕ ਰੈਲੀ ’ਚ ਕਿਹਾ ਕਿ ਸਿੰਧੂ ਜਲ ਸੰਧੀ ਏਨੀ ਬੁਰੀ ਤਰ੍ਹਾਂ ਨੇਪਰੇ ਚਾੜ੍ਹੀ ਗਈ ਕਿ ਭਾਰਤ ਨੂੰ ਕਸ਼ਮੀਰ ਵਿਚਲੇ ਡੈਮਾਂ ਤੋਂ ਗਾਰ ਕੱਢਣ ਤੋਂ ਵੀ ਮਹਿਰੂਮ ਕਰ ਦਿੱਤਾ ਗਿਆ। ਉਨ੍ਹਾ ਇਹ ਵੀ ਕਿਹਾ ਕਿ ਜੇ 1947 ਵਿੱਚ ਕਸ਼ਮੀਰ ’ਚ ਦਾਖਲ ਹੋਏ ਮੁਜਾਹਦੀਨ ਮਾਰ ਦਿੱਤੇ ਜਾਂਦੇ ਤਾਂ ਉਸ ਤਰ੍ਹਾਂ ਦੀ ਸਥਿਤੀ ਦਾ ਦੁਬਾਰਾ ਨਾ ਸਾਹਮਣਾ ਕਰਨਾ ਪੈਂਦਾ। ਮੋਦੀ ਨੇ ਕਿਹਾ, ‘ਸਰੀਰ ਕਿੰਨਾ ਵੀ ਮਜ਼ਬੂਤ ਜਾਂ ਸਿਹਤਮੰਦ ਕਿਉਂ ਨਾ ਹੋਵੇ, ਇੱਕ ਕੰਡਾ ਦਰਦ ਦੇ ਸਕਦਾ ਹੈ। ਅਸੀਂ ਇਸ ਕੰਡੇ ਨੂੰ ਕੱਢਣ ਦਾ ਫੈਸਲਾ ਕੀਤਾ ਹੈ।’
ਸਿੰਧੂ ਜਲ ਸੰਧੀ ਲਈ ਗੱਲਬਾਤ ਦਾ ਪ੍ਰਬੰਧ ਸੰਸਾਰ ਬੈਂਕ ਨੇ ਕੀਤਾ ਸੀ ਤੇ ਇਸ ’ਤੇ 19 ਸਤੰਬਰ 1960 ਨੂੰ ਕਰਾਚੀ ਵਿੱਚ ਨਹਿਰੂ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ ਦਸਤਖਤ ਕੀਤੇ ਸਨ। ਇਸ ਸੰਧੀ ਤਹਿਤ ਬਿਆਸ, ਰਾਵੀ ਤੇ ਸਤਲੁਜ ਦਰਿਆਵਾਂ ਦਾ ਕੰਟਰੋਲ ਭਾਰਤ ਅਤੇ ਸਿੰਧ, ਝਨਾਂ ਤੇ ਜੇਹਲਮ ਦਾ ਕੰਟਰੋਲ ਪਾਕਿਸਤਾਨ ਨੂੰ ਮਿਲਿਆ ਸੀ। ਨਹਿਰੂ ਅਗਸਤ 1947 ਤੋਂ 1964 ਵਿੱਚ ਆਪਣੀ ਮੌਤ ਤੱਕ ਪ੍ਰਧਾਨ ਮੰਤਰੀ ਰਹੇ।


