ਟੈਕਸਾਸ (ਅਮਰੀਕਾ) : ਵਿਸ਼ਵ ਦੇ ਸਭ ਤੋਂ ਧਨਾਢ ਵਿਅਕਤੀ ਐਲਨ ਮਸਕ ਦੀ ਕੰਪਨੀ ਸਪੇਸ ਐੱਕਸ ਨੇ ਦੁਨੀਆ ਦੇ ਸਭ ਤੋਂ ਤਾਕਤਵਾਰ ਰਾਕੇਟ ‘ਸਟਾਰਸ਼ਿਪ’ ਦਾ 9ਵਾਂ ਟੈਸਟ 28 ਮਈ ਨੂੰ (ਭਾਰਤੀ ਸਮੇਂ ਮੁਤਾਬਕ) ਸਵੇਰੇ 5 ਵਜੇ ਟੈਕਸਾਸ ਦੇ ਬੋਕਾ ਚਿਕਾ ਤੋਂ ਕੀਤਾ। ਲਾਂਚਿੰਗ ਦੇ ਕਰੀਬ ਅੱਧੇ ਘੰਟੇ ਬਾਅਦ ਰਾਕੇਟ ਬੇਕਾਬੂ ਹੋ ਗਿਆ ਤੇ ਧਰਤੀ ਦੇ ਵਾਤਾਵਰਨ ਵਿਚ ਦਾਖਲ ਹੁੰਦੇ ਹੀ ਤਬਾਹ ਹੋ ਗਿਆ। ਇਹ ਲਗਾਤਾਰ ਤੀਜੀ ਵਾਰ ਹੈ ਕਿ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਕੋਸ਼ਿਸ਼ ਅਸਫਲ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਇਸ ਅਜ਼ਮਾਇਸ਼ ’ਤੇ ਕਰੀਬ 8.3 ਲੱਖ ਕਰੋੜ (10 ਬਿਲੀਅਨ ਡਾਲਰ) ਰੁਪਏ ਦਾ ਖਰਚਾ ਆਇਆ ਹੈ। ਟੈਕਸਾਸ ਦੇ ਦੱਖਣੀ ਸਿਰੇ ’ਤੇ ‘ਸਟਾਰਬੇਸ’ ਤੋਂ 123 ਮੀਟਰ ਲੰਮੇ ਰਾਕੇਟ ਨੇ ਆਪਣੀ ਨੌਵੀਂ ਅਜ਼ਮਾਇਸ਼ੀ ਉਡਾਨ ਭਰੀ। ਇਸ ਮਗਰੋਂ ਕਈ ਨਕਲੀ ਉਪਗ੍ਰਹਿਆਂ ਨੂੰ ਛੱਡਣ ਦੀ ਉਮੀਦ ਕੀਤੀ ਗਈ ਸੀ, ਪਰ ਪੁਲਾੜ ਵਾਹਨ ਦਾ ਦਰਵਾਜ਼ਾ ਪੂਰੀ ਤਰ੍ਹਾਂ ਨਾਲ ਨਹੀਂ ਖੁੱਲ੍ਹਿਆ ਤੇ ਪਰਖ ਅਸਫਲ ਹੋ ਗਈ। ਇਸ ਮਗਰੋਂ ਰਾਕੇਟ ਪੁਲਾੜ ਵਿੱਚ ਘੁੰਮਦੇ ਹੋਏ ਬੇਕਾਬੂ ਹੋ ਕੇ ਹਿੰਦ ਮਹਾਸਾਗਰ ਵਿਚ ਡਿੱਗ ਕੇ ਤਬਾਹ ਹੋ ਗਿਆ। ਕੰਪਨੀ ਨੇ ਕਿਹਾ ਕਿ ਉਹ ਡੇਟਾ ਦੀ ਸਮੀਖਿਆ ਜਾਰੀ ਰੱਖੇਗੀ ਤੇ ਅਗਲੀ ਪਰਖ ਦੀ ਦਿਸ਼ਾ ਵਿਚ ਕੰਮ ਕਰੇਗੀ। ਨਾਕਾਮੀ ਦੇ ਬਾਵਜੂਦ ਮਸਕ ਨੇ ਅੱਗੇ ਹੋਰ ਲਾਂਚ ਦਾ ਵਾਅਦਾ ਕੀਤਾ ਹੈ।


