ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਕਿਹਾ ਕਿ ਮੋਦੀ ਸਰਕਾਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਦੇਸ਼ ਦੇ ਆਰਥਕ ਵਿਕਾਸ ਵਿੱਚ ਕਿਸਾਨਾਂ ਦੀ ਵਧੇਰੇ ਸ਼ਮੂਲੀਅਤ ਯਕੀਨੀ ਬਣਾਉਣ ਦੇ ਦਿੱਤੇ ਗਏ ਸੱਦੇ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ ਗੰਭੀਰਤਾ ਨਾਲ ਲਵੇ। ਪਾਰਟੀ ਨੇ ਕਿਹਾ ਸਰਕਾਰ ਨੂੰ ਨਾਅਰਿਆਂ ਅਤੇ ਫਿਲਮੀ ਸੰਵਾਦਾਂ ਦੇ ਨਾਟਕਾਂ ਰਾਹੀਂ ਸ਼ਾਸਨ ਦਾ ਅਭਿਆਸ ਕਰਨ ਦੀ ਬਜਾਏ ਗੰਭੀਰ ਮੁੱਦਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਦੋਂ ਧਨਖੜ ਕਿਸਾਨਾਂ ਦੀਆਂ ਚਿੰਤਾਵਾਂ ਤੇ ਮੁੱਦੇ ਉਠਾਉਂਦੇ ਹਨ ਤਾਂ ਉਨ੍ਹਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਰਮੇਸ਼ ਦੀ ਇਹ ਟਿੱਪਣੀ ਧਨਖੜ ਦੇ ਇਸ ਬਿਆਨ ਤੋਂ ਬਾਅਦ ਆਈ ਹੈ ਕਿ ਵਿਕਸਤ ਭਾਰਤ ਦਾ ਮਤਲਬ ਦੇਸ਼ ਦੀ ਆਰਥਕਤਾ ਦਾ ਉੱਚਾ ਦਰਜਾ ਨਹੀਂ ਅਤੇ ਇਸ ਨੂੰ ਹਕੀਕਤ ਬਣਾਉਣ ਲਈ ਲੋਕਾਂ ਦੀ ਆਮਦਨ ਅੱਠ ਗੁਣਾ ਵਧਾਉਣ ਦੀ ਲੋੜ ਹੈ।
ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਨੂੰ ਉਨ੍ਹਾ ਦੀ ਬਰਸੀ ’ਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਨਖੜ ਨੇ ਕਿਹਾ, ‘ਅੱਜ ਜਦੋਂ ਅਸੀਂ ਵਿਕਸਤ ਭਾਰਤ ਬਾਰੇ ਗੱਲ ਕਰਦੇ ਹਾਂ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਅਰਥ ਵਿਵਸਥਾ ਦਾ ਦਰਜਾ ਕੀ ਹੈ।
ਵਿਕਸਤ ਭਾਰਤ ਨੂੰ ਪ੍ਰੀਭਾਸ਼ਤ ਕਰਨ ਅਤੇ ਇਸ ਨੂੰ ਜ਼ਮੀਨੀ ਹਕੀਕਤ ਬਣਾਉਣ ਲਈ ਹਰ ਕਿਸੇ ਦੀ ਆਮਦਨ ਨੂੰ ਅੱਠ ਗੁਣਾ ਵਧਾਉਣ ਦੀ ਲੋੜ ਹੈ।’ਉਨ੍ਹਾ ਕਿਹਾ, ‘ਅਜਿਹਾ ਜ਼ਰੂਰ ਹੋਵੇਗਾ, ਪਰ ਕਿਸਾਨਾਂ ਨੂੰ ਦੂਰਦਰਸ਼ੀ ਹੋਣ ਦੀ ਲੋੜ ਹੈ। ਅੱਜ, ਸਾਡੇ ਕਿਸਾਨ ਸਿਰਫ ਪੈਦਾਵਾਰ ਤੱਕ ਸੀਮਤ ਹਨ। ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਦੇਸ਼ ਦੇ ਸਭ ਤੋਂ ਵੱਡੇ ਵਪਾਰ ਵਿੱਚ ਆਪਣੀ ਸ਼ਮੂਲੀਅਤ ਵਧਾਉਣ ਦਾ ਸਮਾਂ ਹੈ, ਜੋ ਖੇਤੀਬਾੜੀ ਜਾਂ ਪਸ਼ੂ ਪਾਲਣ ਨਾਲ ਸੰਬੰਧਤ ਹੈ।
ਧਨਖੜ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੂਰੀ ਫੂਡ ਪ੍ਰੋਸੈਸਿੰਗ ਸਨਅਤ ਖੇਤੀ ਉਪਜ ’ਤੇ ਅਧਾਰਤ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਅਧਾਰ ’ਤੇ ਮੁੱਲ ਵਾਧੇ ਦਾ ਹਿੱਸਾ ਬਣਨ ਦੀ ਜ਼ਰੂਰਤ ਹੈ। ਧਨਖੜ ਦੀਆਂ ਟਿੱਪਣੀਆਂ ਨੂੰ ਟੈਗ ਕਰਦੇ ਹੋਏ ਰਮੇਸ਼ ਨੇ ਕਿਹਾ, ‘ਵਿਕਸਤ ਭਾਰਤ ਬਾਰੇ ਮਾਣਯੋਗ ਉਪ ਰਾਸ਼ਟਰਪਤੀ ਦੇ ਸਿਆਣੇ ਸ਼ਬਦ ਬਹੁਤ ਮੌਕੇ ਦੇ ਅਤੇ ਢੁੱਕਵੇਂ ਹਨ। ਇਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ, ਜੋ ਮਹਿਜ਼ ਨਾਅਰੇਬਾਜ਼ੀ ਅਤੇ ਫਿਲਮੀ ਸੰਵਾਦਾਂ ਨੂੰ ਹੀ ਸ਼ਾਸਨ ਸਮਝੀ ਜਾਂਦੇ ਹਨ।
ਰਮੇਸ਼ ਨੇ ਕਿਹਾ, ‘ਦੁੱਖ ਦੀ ਗੱਲ ਹੈ ਕਿ ਜਦੋਂ ਉਪ ਰਾਸ਼ਟਰਪਤੀ ਕਿਸਾਨਾਂ ਦੀਆਂ ਚਿੰਤਾਵਾਂ ਪ੍ਰਗਟਾਉਂਦੇ ਹਨ ਤਾਂ ਉਨ੍ਹਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਦੋਂਕਿ ਕਿ ਉਹ ਖੁਦ ਇਕ ਕਿਸਾਨ ਹਨ।’


