ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਜ ਗੱਲਾਂ ਕਰ ਰਹੇ ਹਨ, ਜਿਵੇਂ ਹਰ ਮਹਿਲਾ ਦੇ ਪਤੀ ਹੋਣ। ਉਹ ਆਪਣੀ ਪਤਨੀ ਨੂੰ ਸਿੰਧੂਰ ਕਿਉ ਨਹੀਂ ਦਿੰਦੇ? ਹਾਲਾਂਕਿ ਉਹ ਗੱਲ ਨਹੀਂ ਕਰਨੀ ਚਾਹੁੰਦੀ ਸੀ, ਪਰ ਪ੍ਰਧਾਨ ਮੰਤਰੀ ਨੇ ਮਜਬੂਰ ਕੀਤਾ। ਉਨ੍ਹਾ ਕਿਹਾ, ‘ਸਿੰਧੂਰ ਦਾ ਸੰਬੰਧ ਮਹਿਲਾ ਨਾਲ ਹੈ। ਸਿੰਧੂਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਮਹਿਲਾਵਾਂ ਇਸ ਨੂੰ ਆਪਣੇ ਪਤੀ ਲਈ ਲਾਉਦੀਆਂ ਹਨ। ਅਪ੍ਰੇਸ਼ਨ ਸਿੰਧੂਰ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੀ। ਹਰ ਮਹਿਲਾ ਦਾ ਸਨਮਾਨ ਹੁੰਦਾ ਹੈ।’ ਭਾਜਪਾ 9 ਜੂਨ, ਜਿਸ ਦਿਨ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕੀ ਸੀ, ਤੋਂ ‘ਅਪ੍ਰੇਸ਼ਨ ਸਿੰਧੂਰ’ ਦੀ ਸਫਲਤਾ ਨੂੰ ਘਰ-ਘਰ ਪਹੁੰਚਾਉਣਾ ਚਾਹੁੰਦੀ ਹੈ। ਇਸ ਦੌਰਾਨ ਮਹਿਲਾਵਾਂ ਨੂੰ ਸਿੰਧੂਰ ਵੀ ਵੰਡਿਆ ਜਾਵੇਗਾ।
ਅਮਰਨਾਥ ਯਾਤਰਾ ਲਈ 42 ਹਜ਼ਾਰ ਜਵਾਨ ਤਾਇਨਾਤ ਕੀਤੇ ਜਾਣਗੇ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਜੰਮੂ ਤੇ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਲਈ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੀਆਂ 580 ਕੰਪਨੀਆਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਵਿੱਚ ਲਗਭਗ 42,000 ਜ਼ਮੀਨੀ ਜਵਾਨ ਸ਼ਾਮਲ ਹਨ। ਇਸ ਫੈਸਲੇ ਤਹਿਤ ਜਿਥੇ 424 ਕੰਪਨੀਆਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (ਯੂ ਟੀ) ਜੰਮੂ-ਕਸ਼ਮੀਰ ਭੇਜਿਆ ਜਾ ਰਿਹਾ ਹੈ, ਉਥੇ ਬਾਕੀ ਕੰਪਨੀਆਂ ਪਹਿਲਾਂ ਹੀ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹਨ। ਇਨ੍ਹਾਂ ਪਹਿਲਾਂ ਤਾਇਨਾਤ ਕੰਪਨੀਆਂ ਵਿੱਚ ਕਰੀਬ 80 ਉਹ ਕੰਪਨੀਆਂ ਵੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਬਲ ਤੁਰੰਤ ਰਵਾਨਾ ਹੋ ਜਾਣ ਅਤੇ ਜੂਨ ਦੇ ਦੂਜੇ ਹਫਤੇ ਤੱਕ ਜੰਮੂ ਤੇ ਕਸ਼ਮੀਰ ਵਿੱਚ ਸਥਿਤੀ ਸੰਭਾਲ ਲੈਣ। ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਨੂੰ ਸਮਾਪਤ ਹੋਵੇਗੀ। 22 ਅਪਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਪੈਦਾ ਹੋਈਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਲਈ ਸੁਰੱਖਿਆ ਤਾਇਨਾਤੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।


