ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ (ਡੀ ਓ ਜੀ ਈ) ਦੇ ਸਲਾਹਕਾਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਘੀ ਖਰਚਿਆਂ ਵਿੱਚ ਕਟੌਤੀ ਤੇ ਨੌਕਰਸ਼ਾਹੀ ’ਚ ਸੁਧਾਰ ਦੀਆਂ ਕੋਸ਼ਿਸ਼ਾਂ ਮਗਰੋਂ ਅਹੁਦਾ ਛੱਡ ਦਿੱਤਾ ਹੈ। ਐਲਨ ਮਸਕ ਨੇ ਬੁੱਧਵਾਰ ਸ਼ਾਮ ਸੋਸ਼ਲ ਮੀਡੀਆ ਮੰਚ ‘ਐੱਕਸ’ ਉੱਤੇ ਆਪਣੇ ਅਸਤੀਫੇ ਬਾਰੇ ਜਾਣਕਾਰੀ ਸਾਂਝੀ ਕੀਤੀ। ਦੁਨੀਆ ਦੇ ਸਭ ਤੋਂ ਅਮੀਰ ਬੰਦੇ ਮਸਕ ਨੇ ਹਾਲ ਹੀ ਵਿੱਚ ਇਸ਼ਾਰਾ ਕੀਤਾ ਸੀ ਕਿ ਉਹ ਆਪਣੀ ਕੰਪਨੀ ਟੈਸਲਾ ਤੇ ਸਪੇਸ ਐੱਕਸ ਦੇ ਕਾਰੋਬਾਰ ਵੱਲ ਧਿਆਨ ਦੇਣਗੇ। ਮਸਕ ਨੇ ‘ਐੱਕਸ’ ’ਤੇ ਲਿਖਿਆ, ‘ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਿਰਧਾਰਤ ਸਮਾਂ ਪੂਰਾ ਹੋ ਰਿਹਾ ਹੈ। ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾ ਮੈਨੂੰ ਫਜ਼ੂਲਖਰਚੀ ਘਟਾਉਣ ਦਾ ਮੌਕਾ ਦਿੱਤਾ। ਡੀ ਓ ਜੀ ਈ ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ, ਕਿਉਂਕਿ ਇਹ ਜੀਵਨ ਦਾ ਇਕ ਤਰੀਕਾ ਬਣ ਜਾਵੇਗਾ।’ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਜਿੱਤ ਮਗਰੋਂ ਮਸਕ ਨੂੰ 2025 ਵਿੱਚ ਨਵੇਂ ਬਣੇ ਸਰਕਾਰੀ ਕੁਸ਼ਲਤਾ ਵਿਭਾਗ (ਡੀ ਓ ਜੀ ਈ) ਦੀ ਅਗਵਾਈ ਸੌਂਪੀ ਗਈ ਸੀ। ਇਸ ਵਿਭਾਗ ਦਾ ਮੁੱਖ ਟੀਚਾ ਸਰਕਾਰੀ ਖਰਚ ਵਿੱਚ ਕਟੌਤੀ ਤੇ ਕੁਸ਼ਲਤਾ ਵਧਾਉਣਾ ਸੀ। ਮਸਕ ਨੇ ਸਰਕਾਰੀ ਖਰਚ ਵਿਚ ਵੱਡੀ ਕਟੌਤੀ ਦਾ ਟੀਚਾ ਰੱਖਿਆ ਸੀ, ਪਰ ਉਨ੍ਹਾ ਨੂੰ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਤੇ ਕਈ ਵਾਰ ਪ੍ਰਸ਼ਾਸਨ ਦੇ ਹੋਰਨਾਂ ਮੈਂਬਰਾਂ ਨਾਲ ਵਖਰੇਵੇਂ ਵੀ ਹੋਏ।
ਮਸਕ ਨੇ ਆਪਣੇ ਅਸਤੀਫੇ ਦਾ ਐਲਾਨ ‘ਸੀ ਬੀ ਐੱਸ’ ਵੱਲੋਂ ਉਨ੍ਹਾ ਨਾਲ ਇੱਕ ਇੰਟਰਵਿਊ ਦਾ ਅੰਸ਼ ਜਾਰੀ ਕੀਤੇ ਜਾਣ ਤੋਂ ਬਾਅਦ ਕੀਤਾ। ਇੰਟਰਵਿਊ ਦੌਰਾਨ ਮਸਕ ਨੇ ਟਰੰਪ ਦੇ ਵਿਧਾਨਕ ਏਜੰਡੇ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਸੀ ਕਿ ਉਹ ਰਾਸ਼ਟਰਪਤੀ ਦੇ ਇਸ ‘ਬਿੱਲ’ ਤੋਂ ਨਿਰਾਸ਼ ਹਨ। ਮਸਕ ਨੇ ਇਸ ਬਿੱਲ ਨੂੰ ‘ਵਧੇਰੇ ਖਰਚੀਲਾ’ ਦੱਸਿਆ ਸੀ, ਜੋ ਸੰਘੀ ਘਾਟੇ ਨੂੰ ਵਧਾਉਂਦਾ ਹੈ ਤੇ ਉਨ੍ਹਾ ਦੇ ਵਿਭਾਗ ਦੇ ਕੰਮ ਨੂੰ ਕਮਜ਼ੋਰ ਕਰਦਾ ਹੈ।



