ਨੀਟ-ਪੀ ਜੀ ਇੱਕੋ ਸ਼ਿਫਟ ’ਚ ਲੈਣ ਦੀ ਹਦਾਇਤ

0
188

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨਿਰਦੇਸ਼ ਜਾਰੀ ਕੀਤੇ ਕਿ 15 ਜੂਨ ਨੂੰ ਹੋਣ ਵਾਲੀ ਪੋਸਟ-ਗ੍ਰੈਜੂਏਟ ਮੈਡੀਕਲ ਦਾਖ਼ਲਾ ਪ੍ਰੀਖਿਆ (ਨੀਟ-ਪੀ ਜੀ) ਇੱਕ ਹੀ ਸ਼ਿਫਟ ਵਿੱਚ ਕਰਵਾਈ ਜਾਵੇ। ਇਸ ਨੂੰ ਦੋ ਸ਼ਿਫਟਾਂ ਵਿੱਚ ਕਰਵਾਉਣਾ ਮਨਮਾਨੀ ਪੈਦਾ ਕਰਦਾ ਹੈ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੀ ਬੈਂਚ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਨੀਟ-ਪੀ ਜੀ 2025 ਇਮਤਿਹਾਨ ਇੱਕੋ ਸ਼ਿਫਟ ਵਿੱਚ ਕਰਵਾਉਣ ਲਈ ਪ੍ਰਬੰਧ ਕਰਨ ਅਤੇ ਪੂਰੀ ਪਾਰਦਰਸ਼ਤਾ ਰੱਖਣ ਲਈ ਸੁਰੱਖਿਅਤ ਕੇਂਦਰਾਂ ਦੀ ਪਛਾਣ ਕੀਤੀ ਜਾਵੇ। ਬੈਂਚ ਵਿੱਚ ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਐੱਨ ਵੀ ਅੰਜਾਰੀਆ ਵੀ ਸ਼ਾਮਲ ਸਨ।
ਬੈਂਚ ਨੇ ਕਿਹਾ, ‘‘ਦੋ ਵੱਖ-ਵੱਖ ਪ੍ਰਸ਼ਨ ਪੱਤਰਾਂ ਨੂੰ ਕਦੇ ਵੀ ਇੱਕੋ ਪੱਧਰ ਦੀ ਮੁਸ਼ਕਲ ਜਾਂ ਸੌਖ ਵਾਲੇ ਨਹੀਂ ਕਿਹਾ ਜਾ ਸਕਦਾ।”
ਬੈਂਚ ਨੇ ਇਹ ਹੁਕਮ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ-ਪੋਸਟ ਗ੍ਰੈਜੂਏਟ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਉਣ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੀਖਿਆ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 2,42,678 ਹੈ ਅਤੇ ਇਹ ਪ੍ਰੀਖਿਆ ਪੂਰੇ ਦੇਸ਼ ਵਿੱਚ ਹੁੰਦੀ ਹੈ, ਕਿਸੇ ਇੱਕ ਸ਼ਹਿਰ ਵਿੱਚ ਨਹੀਂ।
ਦੇਸ਼ ਵਿੱਚ ਤਕਨੀਕੀ ਤਰੱਕੀ ਨੂੰ ਦੇਖਦੇ ਹੋਏ, ਉਹ ਇਹ ਨਹੀਂ ਮੰਨ ਸਕਦੇ ਕਿ ਪ੍ਰੀਖਿਆ ਸੰਸਥਾ ਇੱਕ ਸ਼ਿਫਟ ਵਿੱਚ ਪ੍ਰੀਖਿਆ ਕਰਵਾਉਣ ਲਈ ਲੋੜੀਂਦੇ ਕੇਂਦਰ ਨਹੀਂ ਲੱਭ ਸਕੀ।