ਨਿਊ ਯਾਰਕ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਵਿਚਾਲੇ ਮਿਲਵਰਤਨ ਦੱਖਣੀ ਏਸ਼ੀਆ ਵਿੱਚ ਦਹਿਸ਼ਤਗਰਦੀ ਨੂੰ ਕਾਫੀ ਘਟਾ ਸਕਦਾ ਹੈ। ਹਾਲੀਆ ਭਾਰਤ-ਪਾਕਿਸਤਾਨ ਟਕਰਾਅ ਤੋਂ ਬਾਅਦ ਹਮਾਇਤ ਜੁਟਾਉਣ ਨਿਕਲੇ ਬਿਲਾਵਲ ਨੇ ਸੰਯੁਕਰ ਰਾਸ਼ਟਰ ਹੈੱਡਕੁਆਰਟਰ ਵਿਖੇ ਮੰਗਲਵਾਰ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਆਈ ਐੱਸ ਆਈ (ਇੰਟਰ ਸਰਵਿਸਿਜ਼ ਇੰਟੈਲੀਜੈਂਸ) ਤੇ ਰਾਅ (ਰਿਸਰਚ ਐਂਡ ਅਨੈਲੇਸਿਜ਼ ਵਿੰਗ) ਇਨ੍ਹਾਂ ਤਾਕਤਾਂ ਨਾਲ ਇਕੱਠੀਆਂ ਲੜਨ ਲਈ ਤਿਆਰ ਹੋ ਜਾਣ ਤਾਂ ਅਸੀਂ ਭਾਰਤ ਤੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ’ਚ ਕਾਫੀ ਕਮੀ ਦੇਖ ਸਕਦੇ ਹਾਂ।’
ਬਿਲਾਵਲ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਸ਼ਸ਼ੀ ਥਰੂਰ ਦੀ ਅਗਵਾਈ ਵਿੱਚ ਭਾਰਤੀ ਸੰਸਦ ਮੈਂਬਰਾਂ ਦਾ ਸਰਬ ਪਾਰਟੀ ਵਫਦ ਅਗਲੇ ਦੋ ਦਿਨ ਅਮਰੀਕੀ ਕਾਂਗਰਸ ਦੇ ਮੈਂਬਰਾਂ, ਪ੍ਰਸ਼ਾਸਨ ਦੇ ਅਧਿਕਾਰੀਆਂ, ਥਿੰਕ ਟੈਂਕਾਂ ਤੇ ਮੀਡੀਆ ਨੂੰ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਤੋਂ ਜਾਣੂ ਕਰਾਉਣ ਲਈ ਪੁੱਜਣ ਵਾਲਾ ਹੈ। ਬਿਲਾਵਲ ਨੇ ਸੰਸਾਰ ਭਾਈਚਾਰੇ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਦੱਖਣੀ ਏਸ਼ੀਆ ਵਿੱਚ ਦਿਲਚਸਪੀ ਲਵੇ, ਕਿਉਕਿ ਹਾਲੀਆ ਲੜਾਈਬੰਦੀ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋਹਾਂ ਗੁਆਂਢੀਆਂ ਵਿਚਾਲੇ ਟਕਰਾਅ ਦਾ ਰਿਸਕ ਵਧਿਆ ਹੈ, ਖਤਮ ਨਹੀਂ ਹੋਇਆ। ਉਨ੍ਹਾ ਕਿਹਾ, ‘ਕੌਮਾਂਤਰੀ ਭਾਈਚਾਰੇ ਦੇ ਦਖਲ ਅਤੇ ਖਾਸ ਤੌਰ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਅਗਵਾਈ ਵਾਲੀ ਟੀਮ ਵੱਲੋਂ ਨਿਭਾਏ ਗਏ ਰੋਲ ਨਾਲ ਲੜਾਈਬੰਦੀ ਹੋ ਸਕੀ। ਇਹ ਸਵਾਗਤਯੋਗ ਪਹਿਲਾ ਕਦਮ ਹੈ, ਪਰ ਸਿਰਫ ਪਹਿਲਾ ਹੀ ਕਦਮ।’





