‘ਪਕੌੜਾ ਅਰਥ ਸ਼ਾਸਤਰ’ ‘ਭਗੌੜਾ ਅਰਥ ਸ਼ਾਸਤਰ’ ’ਚ ਬਦਲਿਆ : ਕਾਂਗਰਸ

0
130

ਨਵੀਂ ਦਿੱਲੀ : ਕਾਂਗਰਸ ਨੇ ਸ਼ੁੱਕਰਵਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਇਸ ਕਥਿਤ ਟਿੱਪਣੀ ’ਤੇ ਮੋਦੀ ਸਰਕਾਰ ਨੂੰ ਘੇਰਿਆ ਕਿ ਉਸ ਨੇ 2016 ਵਿੱਚ ਦੇਸ਼ ਛੱਡਣ ਤੋਂ ਪਹਿਲਾਂ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸੂਚਿਤ ਕੀਤਾ ਸੀ। ਇਸ ਸੰਬੰਧੀ ਕਾਂਗਰਸ ਨੇ ਕਿਹਾ ਕਿ ਨਰਿੰਦਰ ਦਾ ਪੂਰਾ ਸਿਸਟਮ ਆਤਮ ਸਮਰਪਣ ਕਰ ਗਿਆ ਹੈ। ਇੱਕ ਹੋਰ ਤਨਜ਼ ਵਿੱਚ ਕਾਂਗਰਸ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਦਾ ‘ਪਕੌੜਾ ਅਰਥ ਸ਼ਾਸਤਰ’ ‘ਭਗੌੜਾ ਅਰਥ ਸ਼ਾਸਤਰ’ ਵਿੱਚ ਬਦਲ ਗਿਆ ਹੈ। ਕਾਂਗਰਸ ਅਕਸਰ ‘ਪਕੌੜਾਨੋਮਿਕਸ’ (ਪਕੌੜਾ ਅਰਥ ਸ਼ਾਸਤਰ) ਸ਼ਬਦ ਦੀ ਵਰਤੋਂ ਕਰ ਕੇ ਸਰਕਾਰ ਦਾ ਮਜ਼ਾਕ ਉਡਾਉਂਦੀ ਹੈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2018 ਵਿੱਚ ਕੀਤੀ ਗਈ ਟਿੱਪਣੀ ਦਾ ਸਪੱਸ਼ਟ ਹਵਾਲਾ ਹੈ, ਜਦੋਂ ਮੋਦੀ ਨੇ ਕਿਹਾ ਸੀ ਕਿ ‘ਪਕੌੜੇ’ ਵੇਚਣਾ ਵੀ ਰੁਜ਼ਗਾਰ ਹੈ।
ਕਾਂਗਰਸ ਨੇ ਹਾਲ ਹੀ ਵਿੱਚ ਮਾਲਿਆ ਦੁਆਰਾ ਸੋਸ਼ਲ ਮੀਡੀਆ ਇਨਫਲੂਐਂਸਰ ਰਾਜ ਸ਼ਮਾਨੀ ਨਾਲ ਕੀਤੇ ਗਏ ਇੱਕ ਪੋਡਕਾਸਟ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ 2016 ਵਿੱਚ ਭਾਰਤ ਛੱਡਣ ਤੋਂ ਪਹਿਲਾਂ ਜੇਤਲੀ ਨੂੰ ਸੂਚਿਤ ਕੀਤਾ ਸੀ। ਪਾਰਟੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਦੇਸ਼ ਤੋਂ ਫਰਾਰ ਹੋਣ ਵਾਲੇ ਕਾਰੋਬਾਰੀ ਦੇ ਮਾਮਲੇ ਵਿੱਚ ਮੋਦੀ ਸਰਕਾਰ ਦਾ ਹੱਥ ਸੀ।
ਮਾਲਿਆ ਨੂੰ ਕਲਿੱਪ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਮੈਂ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਦੱਸਿਆ ਅਤੇ ਫਿਰ ਮੈਂ ਦਿੱਲੀ ਤੋਂ ਲੰਡਨ ਲਈ ਉਡਾਣ ਭਰੀ, ਮੈਂ ਐੱਫ ਆਈ ਏ ਵਿਸ਼ਵ ਕੌਂਸਲ ਦੀ ਮੀਟਿੰਗ ਲਈ ਜਨੇਵਾ ਜਾ ਰਿਹਾ ਸੀ, ਜੋ ਮਹੀਨਾ ਪਹਿਲਾਂ ਤੈਅ ਕੀਤੀ ਗਈ ਸੀ।’
ਉਦੋਂ ਜੇਤਲੀ ਨੇ ਕਿਹਾ ਸੀ, ‘ਹਾਂ, ਹਾਂ ਮੈਂ ਉਸ ਨੂੰ ਮਿਲਿਆ ਸੀ, ਪਰ ਸਿਰਫ ਤੁਰਦੇ-ਤੁਰਦੇ, ਇਹ ਇੱਕ ਆਰਜ਼ੀ ਮੁਲਾਕਾਤ ਸੀ।’ ਮਾਲਿਆ ਨੇ ਕਿਹਾ, ‘ਮੈਂ ਕਦੇ ਨਹੀਂ ਕਿਹਾ ਕਿ ਮੈਂ ਸ੍ਰੀ ਜੇਤਲੀ ਦੇ ਦਫਤਰ ਗਿਆ ਸੀ, ਉਸ ਦੇ ਸਾਹਮਣੇ ਬੈਠਾ ਸੀ, ਉਸ ਨਾਲ ਚਾਹ ਪੀਤੀ ਸੀ, ਮੈਂ ਸਿਰਫ ਇਹ ਕਿਹਾ ਸੀ ਕਿ ਮੈਂ ਜਾਂਦੇ ਸਮੇਂ ਵਿੱਤ ਮੰਤਰੀ ਨੂੰ ਕਿਹਾ ਸੀ, ਮੈਂ ਲੰਡਨ ਜਾ ਰਿਹਾ ਹਾਂ, ਮੈਨੂੰ ਇੱਕ ਮੀਟਿੰਗ ਲਈ ਜਨੇਵਾ ਜਾਣਾ ਹੈ, ਮੈਂ ਵਾਪਸ ਆਵਾਂਗਾ, ਕਿਰਪਾ ਕਰਕੇ ਬੈਂਕਾਂ ਨੂੰ ਕਹੋ ਕਿ ਉਹ ਮੇਜ਼ ਉਤੇ ਬੈਠਣ ਅਤੇ ਕਰਜ਼ੇ ਦੇ ਨਬੇੜੇ ਲਈ ਮੇਰੇ ਨਾਲ ਸਮਝੌਤਾ ਕਰਨ।’