ਸੰਘ ਦੀ ਇੱਕ ਹੋਰ ਹਰਕਤ

0
27

ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨਾਗਪੁਰ ਵਿੱਚ ਇੱਕ ਕਿਤਾਬ ਦੇ ਵਿਮੋਚਨ ਦੇ ਮੌਕੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਹੜਾ ਬਹਿਸ ਨੂੰ ਤੇਜ਼ ਕਰ ਸਕਦਾ ਹੈ। ਭਾਗਵਤ ਨੇ ਕਿਹਾ, ‘‘ਦੇਸ਼ ਨੂੰ ਆਪਣੀ ਆਜ਼ਾਦੀ ਕਿਵੇਂ ਮਿਲੀ, ਇਸ ਬਾਰੇ ਚਰਚਾ ਵਿੱਚ ਅਕਸਰ ਇੱਕ ਅਹਿਮ ਸਚਾਈ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਹ ਕਿਸੇ ਇੱਕ ਵਿਅਕਤੀ ਨੇ ਲੈ ਕੇ ਨਹੀਂ ਦਿੱਤੀ। 1857 ਦੇ ਬਾਅਦ ਪੂਰੇ ਭਾਰਤ ਵਿੱਚ ਆਜ਼ਾਦੀ ਸੰਗਰਾਮ ਦੀਆਂ ਲਪਟਾਂ ਭੜਕ ਉੱਠੀਆਂ ਸਨ।’’ ਭਾਗਵਤ ਨੇ ਆਜ਼ਾਦੀ ਸੰਗਰਾਮ ਵਿੱਚ ਅਣਗਿਣਤ ਵਿਅਕਤੀਆਂ ਤੇ ਸਮੂਹਾਂ ਦਾ ਹਵਾਲਾ ਦਿੱਤਾ ਤੇ ਕਿਸੇ ਦਾ ਨਾਂਅ ਲਏ ਬਿਨਾਂ ਇਸ ਧਾਰਨਾ ਨੂੰ ਖਾਰਜ ਕਰ ਦਿੱਤਾ ਕਿ ਕੋਈ ਇੱਕ ਇਕਾਈ ਇਸ ਉਪਲੱਬਧੀ ਦਾ ਖਾਸ ਸਿਹਰਾ ਲੈ ਸਕਦੀ ਹੈ।
ਆਰ ਐੱਸ ਐੱਸ ਤੇ ਭਾਜਪਾ ਆਜ਼ਾਦੀ ਦੇ ਅੰਦੋਲਨ ਵਿੱਚ ਆਰ ਐੱਸ ਐੱਸ ਦੀ ਭੂਮਿਕਾ ਦੀ ਅਲੋਚਨਾ ਦਾ ਮੁਕਾਬਲਾ ਕਰਨ ਲਈ ਅਕਸਰ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ, ਜਦਕਿ ਇਤਿਹਾਸ ਇਨ੍ਹਾਂ ਤੱਥਾਂ ਨਾਲ ਭਰਿਆ ਹੋਇਆ ਹੈ ਕਿ ਆਰ ਐੱਸ ਐੱਸ ਪੂਰੇ ਆਜ਼ਾਦੀ ਸੰਗਰਾਮ ਤੋਂ ਦੂਰ ਰਿਹਾ। ਹਾਲਾਂਕਿ ਹੁਣ ਸੰਘ ਵਾਲੇ ਦਾਅਵਾ ਕਰਨ ਲੱਗੇ ਹਨ ਕਿ ਆਜ਼ਾਦੀ ਦੇ ਅੰਦੋਲਨ ਦੌਰਾਨ ਸੰਘ ਦੇ ਬਾਨੀ ਕੇ ਬੀ ਹੈਡਗੇਵਾਰ ਵਰਗੇ ਆਗੂਆਂ ਨੇ ਲੋਕਮਾਨਿਆ ਤਿਲਕ ਦੇ ਪ੍ਰਭਾਵ ਵਿੱਚ ਬਸਤੀਵਾਦੀ ਵਿਰੋਧੀ ਸੰਘਰਸ਼ ਵਿੱਚ ਹਿੱਸਾ ਲਿਆ ਸੀ। 1921 ਵਿੱਚ ਬਿ੍ਰਟਿਸ਼ ਵਿਰੋਧੀ ਭਾਸ਼ਣ ਲਈ ਇੱਕ ਸਾਲ ਦੀ ਸਜ਼ਾ ਪਾਉਣ ਵਾਲੇ ਹੈਡਗੇਵਾਰ ਨੂੰ ਬਿ੍ਰਟਿਸ਼ ਨਮਕ ਏਕਾਧਿਕਾਰ ਖਿਲਾਫ 1930 ਦੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵੀ ਜੇਲ੍ਹ ਭੇਜਿਆ ਗਿਆ ਸੀ, ਪਰ ਸਚਾਈ ਇਹ ਨਹੀਂ ਹੈ, ਜੋ ਆਰ ਐੱਸ ਐੱਸ ਦੇ ਲੋਕ ਦੱਸਦੇ ਫਿਰ ਰਹੇ ਹਨ। ਦਰਅਸਲ ਆਰ ਐੱਸ ਐੱਸ ਆਗੂ ਐੱਮ ਐੱਸ ਗੋਲਵਲਕਰ ਨੇ ਆਪਣੇ ਲੇਖਾਂ ਵਿੱਚ ਅੰਗਰੇਜ਼ਾਂ ਖਿਲਾਫ ਅੰਦੋਲਨ ਨੂੰ ਪ੍ਰਤੀਕਿਰਿਆਵਾਦੀ ਤੇ ਆਰਜ਼ੀ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਅੰਗਰੇਜ਼ਾਂ ਨਾਲ ਲੜਨ ਦੀ ਥਾਂ ਅੰਦਰੂਨੀ ਦੁਸ਼ਮਣਾਂ ਨਾਲ ਲੜਨ ਦੀ ਲੋੜ ਹੈ। ਉਸ ਨੇ ਇਹ ਵੀ ਲਿਖਿਆ ਸੀ ਕਿ ਆਰ ਐੱਸ ਐੱਸ ਦਾ ਮਕਸਦ ਬਿ੍ਰਟਿਸ਼ ਸ਼ਾਸਨ ਦਾ ਅੰਤ ਨਹੀਂ, ਸਗੋਂ ਇੱਕ ‘ਹਿੰਦੂ ਰਾਸ਼ਟਰ’ ਦੀ ਸਥਾਪਨਾ ਕਰਨਾ ਹੈ।
ਆਰ ਐੱਸ ਐੱਸ ਨੇ ਮਹਾਤਮਾ ਗਾਂਧੀ ਦੇ ਸਿਵਲ ਨਾਫਰਮਾਨੀ ਤੇ ਭਾਰਤ ਛੋੜੋ ਅੰਦੋਲਨ ਵਿੱਚ ਹਿੱਸਾ ਨਹੀਂ ਲਿਆ। ਹੈਡਗੇਵਾਰ, ਜੋ ਪਹਿਲਾਂ ਕਾਂਗਰਸੀ ਕਾਰਕੁੰਨ ਸੀ, ਨੇ ਕਾਂਗਰਸ ਦੇ ਛੂਤਛਾਤ ਖਤਮ ਕਰਨ ਤੇ ਜਾਤੀਆਂ ਦੀ ਏਕਤਾ ਦੇ ਏਜੰਡੇ ਨਾਲ ਅਸਹਿਮਤੀ ਕਾਰਨ 1925 ਵਿੱਚ ਆਰ ਐੱਸ ਐੱਸ ਦੀ ਸਥਾਪਨਾ ਕੀਤੀ ਸੀ। ਇਸ ਨੇ ਬਿ੍ਰਟਿਸ਼ ਵਿਰੋਧੀ ਅੰਦੋਲਨਾਂ ਤੋਂ ਦੂਰੀ ਬਣਾਈ ਰੱਖੀ ਤੇ ਆਪਣੇ ਯਤਨਾਂ ਨੂੰ ਹਿੰਦੂ ਸੰਗਠਨ ਤੇ ਸੱਭਿਆਚਾਰਕ ਰਾਸ਼ਟਰਵਾਦ ’ਤੇ ਕੇਂਦਰਤ ਕੀਤਾ। ਉਸ ਨੇ ਬਿ੍ਰਟਿਸ਼ ਸ਼ਾਸਨ ਦਾ ਵਿਰੋਧ ਕਰਨ ਦੀ ਥਾਂ ਕੁਝ ਮਾਮਲਿਆਂ ਵਿੱਚ ਉਸ ਨਾਲ ਸਹਿਯੋਗ ਕੀਤਾ। ਮਿਸਾਲ ਦੇ ਤੌਰ ’ਤੇ ਗੋਲਵਲਕਰ ਨੇ ਬਿ੍ਰਟਿਸ਼ ਰਾਜ ਦੌਰਾਨ ਸੰਗਠਨ ਨੂੰ ਸਿਆਸੀ ਅੰਦੋਲਨਾਂ ਤੋਂ ਦੂਰ ਰੱਖਣ ’ਤੇ ਜ਼ੋਰ ਦਿੱਤਾ। 1948 ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਦੇ ਬਾਅਦ ਆਰ ਐੱਸ ਐੱਸ ’ਤੇ ਪਾਬੰਦੀ ਲਗਾਈ ਗਈ ਸੀ, ਕਿਉਕਿ ਹਤਿਆਰਾ ਨੱਥੂ ਰਾਮ ਗੌਡਸੇ ਆਰ ਐੱਸ ਐੱਸ ਨਾਲ ਜੁੜਿਆ ਹੋਇਆ ਸੀ। ਵੇਲੇ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਆਰ ਐੱਸ ਐੱਸ ’ਤੇ ਪਾਬੰਦੀ ਲਾਉਣ ਸਮੇਂ ਇਸ ਦੇ ਫਿਰਕੂ ਨਜ਼ਰੀਏ ਦੀ ਅਲੋਚਨਾ ਕੀਤੀ ਸੀ। ਇਤਿਹਾਸਕ ਦਸਤਾਵੇਜ਼ਾਂ ਵਿੱਚ ਆਰ ਐੱਸ ਐੱਸ ਦੇ ਸੋਇਮ ਸੇਵਕਾਂ ਦੇ ਜੇਲ੍ਹ ਜਾਣ, ਸ਼ਹੀਦ ਹੋਣ ਜਾਂ ਬਿ੍ਰਟਿਸ਼ ਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਦੇ ਕੋਈ ਠੋਸ ਸਬੂਤ ਨਹੀਂ ਮਿਲਦੇ।
ਭਾਗਵਤ ਨੇ ਪਿੱਛੇ ਜਿਹੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਭਾਰਤ ਦੀ ‘ਸੱਚੀ ਆਜ਼ਾਦੀ’ ਦੱਸਿਆ ਸੀ। ਇਸ ਤਰ੍ਹਾਂ ਉਸ ਨੇ ਇੱਕ ਝਟਕੇ ਵਿੱਚ ਭਾਰਤੀ ਆਜ਼ਾਦੀ ਸੰਗਰਾਮ ਦੇ ਨਾਇਕਾਂ ਗਾਂਧੀ, ਨਹਿਰੂ ਤੇ ਭਗਤ ਸਿੰਘ ਵਰਗਿਆਂ ਦੇ ਯੋਗਦਾਨ ਨੂੰ ਖਾਰਜ ਕਰਨ ਦੀ ਹਰਕਤ ਕੀਤੀ ਸੀ।