ਵਾਤਾਵਰਣ ਨਾਲ ਖਿਲਵਾੜ

0
14

ਵਿਸ਼ਵ ਵਾਤਾਵਰਣ ’ਤੇ ਪਹਿਲੀ ਵਾਰ ਚਰਚਾ 1972 ਵਿੱਚ ਸਟਾਕਹੋਮ ’ਚ ਹੋਈ ਸੀ ਤੇ ਪਹਿਲੀ ਵਾਰ ਵਾਤਾਵਰਣ ਦਿਵਸ 5 ਜੂਨ 1973 ਵਿੱਚ ਮਨਾਇਆ ਗਿਆ। ਹਰ ਸਾਲ ਇੱਕ ਥੀਮ ਨਾਲ ਪਰਿਆਵਰਣ ਦਿਵਸ ਮਨਾਇਆ ਜਾਂਦਾ ਹੈ। ਵੱਡੇ-ਵੱਡੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਕਰੋੜਾਂ ਰੁਪਏ ਖਰਚ ਕਰਕੇ ਦੇਸ਼-ਭਰ ਵਿੱਚ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਸੀ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ। ਅਨੇਕਾਂ ਅਧਿਅਨਾਂ ਤੋਂ ਪਤਾ ਲੱਗਦਾ ਹੈ ਕਿ ਸਮੁੰਦਰ, ਨਦੀਆਂ ਤੇ ਪਹਾੜਾਂ ਆਦਿ ’ਤੇ ਪਲਾਸਟਿਕ ਪ੍ਰਦੂਸ਼ਣ ਖਤਰਨਾਕ ਸਥਿਤੀ ਤੱਕ ਪੁੱਜ ਚੁੱਕਾ ਹੈ। ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦੀਆਂ ਕਈ ਨਸਲਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਅੰਦਰ ਤੱਕ ਪਲਾਸਟਿਕ ਪਾਇਆ ਗਿਆ।
ਪਲਾਸਟਿਕ ਪ੍ਰਦੂਸ਼ਣ ਰੋਕਣਾ ਹੀ ਪੈਣਾ ਹੈ, ਪਰ ਸਵਾਲ ਇਹ ਹੈ ਕਿ ਕੀ ਅਸੀਂ ਸਿਰਫ ਜ਼ੁਬਾਨੀ-ਕਲਾਮੀ ਰੋਕ ਰਹੇ ਹਾਂ ਜਾਂ ਇਸ ਬਾਰੇ ਬਣੀਆਂ ਨੀਤੀਆਂ ਦੀ ਸਖਤੀ ਨਾਲ ਪਾਲਣਾ ਵੀ ਕਰ ਰਹੇ ਹਾਂ। ਪਲਾਸਟਿਕ ਕਈ ਤਰ੍ਹਾਂ ਦੇ ਹੁੰਦੇ ਹਨ। ਇਸ ਵਿੱਚ ਸੈਸ਼ੇ ਪਲਾਸਟਿਕ ਵੀ ਆਉਂਦੇ ਹਨ। ਜਿਸ ਵਿੱਚ ਸ਼ੈਂਪੂ ਦੇ ਪਾਊਚ, ਕੁਰਕੁਰੇ, ਚਿੱਪਸ ਦੇ ਪੈਕੇਟ, ਗੁਟਕਾ ਤੇ ਹੋਰ ਵੀ ਕਈ ਤਰ੍ਹਾਂ ਦੇ ਪਾਊਚ ਹਨ। ਸੈਸ਼ੇ ਪਲਾਸਟਿਕ ਕਰੋੜਾਂ-ਅਰਬਾਂ ਸਾਲਾਂ ਤੱਕ ਨਸ਼ਟ ਨਹੀਂ ਹੁੰਦਾ। ਇਸ ਨੂੰ ਖਤਮ ਕਰਨ ਲਈ ਹੁਣ ਤੱਕ ਜਿੰਨੀਆਂ ਨੀਤੀਆਂ ਬਣੀਆਂ ਹਨ, ਉਹ ਧਰਾਤਲ ’ਤੇ ਲਾਗੂ ਨਹੀਂ ਹੋਈਆਂ। ਇਨ੍ਹਾਂ ਦੀ ਵਰਤੋਂ ਵਧਦੀ ਹੀ ਜਾ ਰਹੀ ਹੈ।
ਹਰ ਸਾਲ ਭਾਰਤ ਵਿੱਚ ਲੱਖਾਂ ਪੌਦੇ ਲਾਏ ਜਾਂਦੇ ਹਨ। ਇੱਕ ਪੌਦੇ ਨੂੰ ਦਰੱਖਤ ਬਣਨ ਵਿੱਚ ਕਈ ਸਾਲ ਲੱਗਦੇ ਹਨ, ਪਰ ਜਦ ਨਿੱਜੀ ਹਿੱਤਾਂ ਲਈ ਜੰਗਲ ਕੱਟਣ ਦੀ ਗੱਲ ਆਉਦੀ ਹੈ ਤਾਂ ਸਰਕਾਰਾਂ ਕਾਰਪੋਰੇਟ ਦੇ ਹਿੱਤ ਵਿੱਚ ਜੰਗਲ ਕੱਟਣ ਵਿੱਚ ਜ਼ਰਾ ਵੀ ਨਹੀਂ ਹਿਚਕਚਾਉਦੀਆਂ। ਹਾਲ ਹੀ ਵਿੱਚ ਹੈਦਰਾਬਾਦ ਯੂਨੀਵਰਸਿਟੀ ਵਿੱਚ ਪੂਰਾ ਜੰਗਲ ਰਾਤੋ-ਰਾਤ ਉਜਾੜ ਦਿੱਤਾ ਗਿਆ। ਛੱਤੀਸਗੜ੍ਹ ਵਿੱਚ ਵੀ ਜੰਗਲਾਂ ਨੂੰ ਬੁਰੀ ਤਰ੍ਹਾਂ ਮੋਛੇ ਪਾਏ ਜਾ ਰਹੇ ਹਨ। ਪਰਿਆਵਰਣ ਦਿਵਸ ’ਤੇ ਪੌਦੇ ਲਾਉਣ ਨਾਲ ਹੀ ਪਰਿਆਵਰਣ ਸੁਰੱਖਿਅਤ ਨਹੀਂ ਹੋ ਸਕਦਾ, ਸਗੋਂ ਜੰਗਲਾਂ ਨੂੰ ਸੁਰੱਖਿਅਤ ਰੱਖ ਕੇ ਹੀ ਅਸੀਂ ਪਰਿਆਵਰਣ ਨੂੰ ਸੁਰੱਖਿਅਤ ਰੱਖਣ ਦੀ ਮੁਹਿੰਮ ਨੂੰ ਅੱਗੇ ਵਧਾ ਸਕਦੇ ਹਾਂ। ਭਾਰਤ ਸਰਕਾਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਰ ਸਾਲ ਪੰਜ ਜੂਨ ਨੂੰ ਲਾਏ ਜਾਣ ਵਾਲੇ ਪੌਦਿਆਂ ਦੀ ਦੇਖਭਾਲ ਦੀ ਕੋਈ ਠੋਸ ਨੀਤੀ ਕੇਂਦਰ ਤੇ ਰਾਜ ਸਰਕਾਰਾਂ ਕੋਲ ਨਹੀਂ ਹੈ। ਰਿਪੋਰਟ ਮੁਤਾਬਕ 2020 ਵਿੱਚ ਯੂ ਪੀ ’ਚ 25 ਕਰੋੜ ਪੌਦੇ ਲਾਏ ਗਏ, ਜਿਨ੍ਹਾਂ ਵਿੱਚੋਂ 40 ਫੀਸਦੀ ਇੱਕ ਸਾਲ ਅੰਦਰ ਹੀ ਸੁੱਕ ਗਏ। ਇਹ ਅੰਕੜਾ ਇੱਕ ਸਾਲ ਦਾ ਹੈ, ਬਾਕੀ 60 ਫੀਸਦੀ ਦਾ ਕੀ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 10 ਸਾਲਾਂ ਵਿੱਚ ਹਰਿਆਲੀ ’ਚ 35 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਹਰ ਸਾਲ ਕਰੋੜਾਂ ਰੁਪਏ ਬਰਬਾਦ ਹੀ ਕੀਤੇ ਜਾ ਰਹੇ ਹਨ।
ਵਾਤਾਵਰਣ ਨੂੰ ਬਚਾਉਣ ਦੀ ਮੁਹਿੰਮ ਸਿਰਫ ਇੱਕ ਦਿਨ ਦੀ ਮੁਹਿੰਮ ਨਹੀਂ ਹੈ। ਪੰਜ ਜੂਨ ਨੂੰ ਪੌਦੇ ਲਾਏ ਤੇ ਦਿਲ ਬਹਿਲਾ ਲਿਆ ਕਿ ਅਸੀਂ ਪਰਿਆਵਰਣ ਨੂੰ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਪਾ ਦਿੱਤਾ। ਇਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ, ਜਿਸ ਨੂੰ ਸਾਨੂੰ ਆਪਣੇ ਵਿਹਾਰ ਤੇ ਸਰਕਾਰ ਨੂੰ ਆਪਣੀਆਂ ਨੀਤੀਆਂ ਵਿੱਚ ਲਾਗੂ ਕਰਨਾ ਪੈਣਾ ਹੈ, ਨਹੀਂ ਤਾਂ ਕਾਗਜ਼ਾਂ ’ਤੇੇ ਹਰੀ-ਭਰੀ ਨਜ਼ਰ ਆਉਣ ਵਾਲੀ ਧਰਤੀ ਦਾ ਨਾਮੋ-ਨਿਸ਼ਾਨ ਨਹੀਂ ਰਹਿਣਾ। ਜਿਸ ਤਰ੍ਹਾਂ ਨਿੱਜੀ ਸਵਾਰਥਾਂ ਲਈ ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ, ਉਸ ਨੂੰ ਸਖਤੀ ਨਾਲ ਰੋਕਣਾ ਹੋਵੇਗਾ, ਘੱਟੋ-ਘੱਟ ਜੋ ਸਾਡੇ ਕੋਲ ਹੈ, ਉਸ ਨੂੰ ਤਾਂ ਨਸ਼ਟ ਨਾ ਕਰੀਏ।