ਨਵੀਂ ਦਿੱਲੀ : ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਸਰਕਾਰ ਦੇਸ਼ ਭਰ ’ਚ ਏ ਸੀ ਲਈ ਨਵਾਂ ਤਾਪਮਾਨ ਸੀਮਾ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।ਇਸ ਦੇ ਤਹਿਤ ਏ ਸੀ ਨੂੰ 20 ਡਿਗਰੀ ਸੈਲਸੀਅਸ ਤੋਂ ਥੱਲੇ ਠੰਢਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਅਤੇ ਵੱਧ ਤੋਂ ਵੱਧ ਹੱਦ 28 ਡਿਗਰੀ ਸੈਲਸੀਅਸ ਹੋਵੇਗੀ।ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਖੱਟਰ ਨੇ ਇਸ ਫੈਸਲੇ ਨੂੰ ਊਰਜਾ ਬਚਾਅ ਵੱਲ ਇੱਕ ਵੱਡਾ ਕਦਮ ਦੱਸਿਆ।ਉਨ੍ਹਾ ਕਿਹਾਅਸੀਂ ਤੈਅ ਕੀਤਾ ਹੈ ਕਿ ਏ ਸੀ ਦਾ ਘੱਟੋ-ਘੱਟ ਤਾਪਮਾਨ 20 ਡਿਗਰੀ ਅਤੇ ਵੱਧ ਤੋਂ ਵੱਧ 28 ਡਿਗਰੀ ਹੋਏਗਾ।ਇਹ ਨਵੇਂ ਨਿਯਮ ਜਲਦ ਲਾਗੂ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਨਿਯਮ ਏ ਸੀ ਦੀ ਵਰਤੋਂ ਵਿੱਚ ਇਕਸਾਰਤਾ ਲਿਆਉਣ ਅਤੇ ਬਹੁਤ ਘੱਟ ਤਾਪਮਾਨ ਰੱਖਣ ਨਾਲ ਹੋਣ ਵਾਲੀ ਵਧੀਕ ਬਿਜਲੀ ਖਪਤ ਨੂੰ ਘਟਾਉਣ ਲਈ ਲਾਗੂ ਕੀਤੇ ਜਾ ਰਹੇ ਹਨ।ਭਾਰਤ ਲੰਮੇ ਸਮੇਂ ਤੋਂ ਊਰਜਾ ਸੰਭਾਲ ਅਤੇ ਖਾਸ ਤੌਰ ’ਤੇ ਗਰਮੀਆਂ ’ਚ ਬਿਜਲੀ ਦੀ ਮੰਗ ਨੂੰ ਘਟਾਉਣ ’ਤੇ ਕੰਮ ਕਰ ਰਿਹਾ ਹੈ।ਖੱਟਰ ਅਨੁਸਾਰ ਇਹ ਨਵੀਂਆਂ ਸੀਮਾਵਾਂ ਰਿਹਾਇਸ਼ੀ ਅਤੇ ਵਪਾਰਕ ਊਰਜਾ ਕੁਸ਼ਲਤਾ ਨੂੰ ਬਿਹਤਰ ਕਰਨ ਦੀ ਨੀਤੀ ਦਾ ਹਿੱਸਾ ਹਨ।
ਭਾਰਤ ’ਚ ਏ ਸੀ ਅਕਸਰ ਘਰਾਂ ਅਤੇ ਦਫਤਰਾਂ ’ਚ 20 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲਦੇ ਹਨ, ਜਿਸ ਨਾਲ ਊਰਜਾ ਦੀ ਵਰਤੋਂ ਅਤੇ ਪਾਵਰ ਗਰਿੱਡ ’ਤੇ ਦਬਾਅ ਵਧਦਾ ਹੈ।ਵਧਦੇ ਤਾਪਮਾਨ ਅਤੇ ਕੂਲਿੰਗ ਉਪਕਰਨਾਂ ਦੀ ਮੰਗ ਦੇ ਨਾਲ ਖਪਤ ਨੂੰ ਕੰਟਰੋਲ ਕਰਨਾ ਰਾਸ਼ਟਰੀ ਤਰਜੀਹ ਬਣ ਗਿਆ ਹੈ।ਜਾਣਕਾਰੀ ਮੁਤਾਬਕ ਜੇਕਰ ਇਹ ਨਿਯਮ ਲਾਗੂ ਹੁੰਦੇ ਹਨ ਤਾਂ ਮੌਜੂਦਾ ਏ ਸੀ, ਜੋ ਕਿ 18 ਡਿਗਰੀ ਸੈਲਸੀਅਸ (ਕੁਝ ਏ ਸੀ 16 ਡਿਗਰੀ ਤੱਕ) ਤੋਂ 30 ਡਿਗਰੀ ਤੱਕ ਕੰਮ ਕਰਦੇ ਹਨ, ਉਹ ਹੁਣ 20 ਡਿਗਰੀ ਸੈਲਸੀਅਸ ਮਿਨੀਮਮ ਅਤੇ 28 ਡਿਗਰੀ ਸੈਲਸੀਅਸ ਮੈਕਸੀਮਮ ਤਾਪਮਾਨ ਤੱਕ ਹੀ ਸੀਮਤ ਰਹਿਣਗੇ।ਇਹ ਕਦਮ ਸਰਕਾਰ ਅਤੇ ਬਿਊਰੋ ਆਫ਼ ਐਨਰਜੀ ਐਫੀਸੀਐਂਸੀ ਮੁਤਾਬਕ ਏ ਸੀ ਦਾ ਤਾਪਮਾਨ ਵਧਾਉਣ ਨਾਲ ਬਿਜਲੀ ਦੀ ਵਰਤੋਂ ਕਾਫੀ ਘੱਟ ਹੋ ਸਕਦੀ ਹੈ। ਅਕਸਰ ਏ ਸੀ 20-21 ਡਿਗਰੀ ਸੈਲਸੀਅਸ ’ਤੇ ਸੈੱਟ ਹੁੰਦੇ ਹਨ, ਪਰ ਆਈਡੀਅਲ ਆਰਾਮਦਾਇਕ ਤਾਪਮਾਨ 24-25 ਡਿਗਰੀ ਸੈਲਸੀਅਸ ਮੰਨਿਆ ਜਾਂਦਾ ਹੈ।ਜੇਕਰ ਏ ਸੀ ਦਾ ਤਾਪਮਾਨ 20 ਤੋਂ 24 ਡਿਗਰੀ ਸੈਲਸੀਅਸ ਕਰ ਦਿੱਤਾ ਜਾਵੇ ਤਾਂ ਲਗਭਗ 24 ਫੀਸਦੀ ਬਿਜਲੀ ਦੀ ਬਚਤ ਹੋ ਸਕਦੀ ਹੈ। ਹਰ 1 ਡਿਗਰੀ ਵਾਧੇ ਨਾਲ ਲਗਭਗ 6 ਫੀਸਦੀ ਬਿਜਲੀ ਦੀ ਬੱਚਤ ਹੁੰਦੀ ਹੈ।




