ਚੰਡੀਗੜ੍ਹ : ਪੰਜਾਬ ’ਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ।ਪਿਛਲੇ 24 ਘੰਟਿਆਂ ’ਚ ਸੂਬੇ ਦੇ ਤਾਪਮਾਨ ’ਚ 0.3 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ।ਬਠਿੰਡਾ ਦੇਸ਼ ਵਿੱਚ ਸਭ ਤੋਂ ਗਰਮ ਰਿਹਾ।ਇੱਥੇ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ।ਬੁੱਧਵਾਰ ਨੂੰ 18 ਜ਼ਿਲ੍ਹਿਆਂ ’ਚ ਹੀਟ ਵੇਵ (ਲੂ) ਦਾ ਅਲਰਟ ਜਾਰੀ ਕੀਤਾ ਗਿਆ ਹੈ।ਇਹ ਸਥਿਤੀ 12 ਜੂਨ ਤੱਕ ਬਣੀ ਰਹਿ ਸਕਦੀ ਹੈ, ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 13 ਸਾਲਾਂ ਬਾਅਦ ਏਨੀ ਤੇਜ਼ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ 1 ਜੂਨ 2012 ਨੂੰ ਅੰਮਿ੍ਰਤਸਰ ’ਚ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ ਵੀ 44 ਡਿਗਰੀ ਤੱਕ ਪਹੁੰਚ ਗਿਆ ਹੈ।ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਅੰਮਿ੍ਰਤਸਰ, ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿੱਚ ਗਰਮੀ ਦੀ ਲਹਿਰ ਰਹੇਗੀ।ਇਸ ਦੇ ਨਾਲ ਹੀ ਰਾਤਾਂ ਵੀ ਗਰਮ ਰਹਿਣਗੀਆਂ।
ਇਸ ਤੋਂ ਇਲਾਵਾ ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮੋਗਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ।
13 ਜੂਨ ਨੂੰ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇੇ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ।14 ਤੋਂ 16 ਜੂਨ ਨੂੰ ਵੱਖ-ਵੱਖ ਥਾਵਾਂ ’ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।



