ਸੀ ਪੀ ਆਈ ਹਰਿਆਣਾ ਦੀ ਸੂਬਾ ਕਾਨਫਰੰਸ ਸਫਲਤਾਪੂਰਵਕ ਸਮਾਪਤ

0
146

ਸ਼ਾਹਕੋਟ (ਗਿਆਨ ਸੈਦਪੁਰੀ)
ਹਰਿਆਣਾ ਦੇ ਯਮੁਨਾਨਗਰ ਸ਼ਹਿਰ ਵਿੱਚ ਸਥਿਤ ਮਾਡਲ ਟਾਊਨ ਦੇ ਕਮਿਊਨਿਟੀ ਸੈਂਟਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਇਕਾਈ ਦਾ 18ਵਾਂ ਸੂਬਾਈ ਸਮਾਗਮ ਸਫਲਤਾਪੂਰਵਕ ਸਮਾਪਤ ਹੋਇਆ। ਇਸ ਤਿੰਨ ਦਿਨਾ ਸਮਾਗਮ ਵਿੱਚ ਪ੍ਰਦੇਸ਼ ਵਿੱਚੋਂ ਲਗਭਗ ਇਕ ਸੌ ਨੁਮਾਇੰਦੇ ਸ਼ਾਮਲ ਹੋਏ।
ਸਮਾਗਮ ਦਾ ਆਰੰਭ ਸੀ ਪੀ ਆਈ ਦੇ ਪ੍ਰਦੇਸ਼ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਸੁਵਰਨ ਸਿੰਘ ਵਿਰਕ ਅਤੇ ਉੱਘੇ ਮੁਲਾਜ਼ਮ ਆਗੂ ਕੁਲਵੰਤ ਸਿੰਘ ਨੇ ਝੰਡਾ ਲਹਿਰਾ ਕੇ ਕੀਤਾ। ਸਮਾਗਮ ਦੀ ਪ੍ਰਧਾਨਗੀ ਧਰਮਪਾਲ ਸਿੰਘ ਚੌਹਾਨ, ਆਰ ਅੱੈਨ ਸਿੰਘ, ਜਸਵਿੰਦਰ ਬਖਸ਼ੀ, ਡਾ. ਸੁਖਦੇਵ ਸਿੰਘ ਜੰਮੂ ਅਤੇ ਪਵਨ ਕੁਮਾਰ ਸ਼ੈਟੀ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਉੱਘੇ ਕਿਸਾਨ ਆਗੂ ਅਤੁਲ ਕੁਮਾਰ ਅਨਜਾਨ, ਕੇਰਲ ਪਾਰਟੀ ਦੇ ਸੂਬਾ ਸਕੱਤਰ ਕਾਨਮ ਰਜੇਂਦਰਨ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਆਦਿ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸੀ ਪੀ ਆਈ ਦੇ ਕੌਮੀ ਸਕੱਤਰ ਅਮਰਜੀਤ ਕੌਰ ਨੇ ਉਦਘਾਟਨੀ ਤਕਰੀਰ ਵਿੱਚ ਦੇਸ਼ ਦੇ ਸਮੁੱਚੇ ਹਾਲਾਤ ਦਾ ਵਿਸਥਾਰ ਨਾਲ ਵਰਣਨ ਕੀਤਾ। ਉਹਨਾ ਕਿਹਾ ਕਿ ਇਹਨਾਂ ਬਦਤਰ ਹਾਲਾਤ ਵਿੱਚ ਇੱਕ ਵਿਆਪਕ ਅੰਦੋਲਨ ਖੜਾ ਕਰਨਾ ਹੋਵੇਗਾ ਅਤੇ ਦੇਸ਼ ਦੀਆਂ ਖੱਬੀਆਂ ਧਿਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਲਈ ਯਤਨ ਕਰਨੇ ਹੋਣਗੇ।ਸੂਬੇ ਦੇ ਸਕੱਤਰ ਦਰਿਆਓ ਸਿੰਘ ਕਸ਼ਅਪ ਨੇ ਪਿਛਲੇ ਤਿੰਨ ਸਾਲ ਦੀਆਂ ਪਾਰਟੀ ਸਰਗਰਮੀਆਂ, ਸਿਆਸੀ ਅਤੇ ਸੰਗਠਨਾਤਮਿਕ ਰਿਪੋਰਟ ਪੇਸ਼ ਕੀਤੀ। ਰਿਪੋਰਟ ’ਤੇ ਹੋਈ ਬਹਿਸ ਵਿੱਚ ਦੋ ਦਰਜਨ ਤੋਂ ਵੱਧ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਹਨਾਂ ਦੇ ਮੁੱਲਵਾਨ ਸੁਝਾਵਾਂ ਨੂੰ ਰਿਪੋਰਟ ਦਾ ਹਿੱਸਾ ਬਣਾਉਦਿਆਂ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ।
ਸਮਾਗਮ ਵਿੱਚ 9 ਜੁਲਾਈ ਦੀ ਹੜਤਾਲ ਦਾ ਸਮਰਥਨ ਕੀਤਾ ਗਿਆ। ਪ੍ਰਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਦੇ ਹੱਕ ਵਿੱਚ ਮਤੇ ਪਾਸ ਕੀਤੇ ਗਏ। ਐਡਵੋਕੇਟ ਰਾਮ ਰਤਨ ਨੇ ਕਰਡੈਸ਼ੀਅਲ ਰਿਪੋਰਟ ਪੇਸ਼ ਕੀਤੀ।ਆਉਣ ਵਾਲੇ ਸਮੇਂ ਲਈ ਸਰਬਸੰਮਤੀ ਨਾਲ ਧਰਮਪਾਲ ਸਿੰਘ, ਸੁਵਰਨ ਸਿੰਘ ਵਿਰਕ ਅਤੇ ਹਰਬੰਸ ਸਿੰਘ ’ਤੇ ਅਧਾਰਤ ਕੰਟਰੋਲ ਕਮਿਸ਼ਨ ਬਣਾਇਆ ਗਿਆ। 41 ਮੈਂਬਰੀ ਸੂਬਾ ਕੌਂਸਲ ਅਤੇ 15 ਮੈਂਬਰਾਂ ਦੀ ਸੂਬਾ ਕਾਰਜਕਾਰਨੀ ਚੁਣੀ ਗਈ। ਇਹਨਾਂ ਵਿੱਚੋਂ ਧਰਮਪਾਲ ਸਿੰਘ ਨੂੰ ਕੰਟਰੋਲ ਕਮਿਸ਼ਨ ਦਾ ਚੇਅਰਮੈਨ, ਦਰਿਆਓ ਸਿੰਘ ਕਸ਼ਅਪ ਨੂੰ ਸੂਬਾ ਸਕੱਤਰ ਬਣਾਇਆ ਗਿਆ। ਇੱਕ ਅਸਾਮੀ ਖਾਲੀ ਰੱਖਦੇ ਹੋਏ ਤਿਲਕ ਰਾਜ ਵਨਾਇਕ ਅਤੇ ਹਰਬੰਸ ਸਿੰਘ ਸੰਧੂ ਨੂੰ ਸੂਬਾ ਸਹਾਇਕ ਸਕੱਤਰ ਚੁਣਿਆ ਗਿਆ।