ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ 3 ਰੋਜ਼ਾ ਸਿਧਾਂਤਕ ਕੈਂਪ ਦਾ ਆਗਾਜ਼

0
96

ਮੋਗਾ (ਇਕਬਾਲ ਸਿੰਘ ਖਹਿਰਾ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਸਿਧਾਂਤਕ ਤੌਰ ’ਤੇ ਸਿੱਖਿਅਤ ਕਰਨ ਲਈ 3 ਰੋਜ਼ਾ ਵਿਦਿਆਰਥੀ ਸਿਧਾਂਤਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ’ਚ ਪੰਜਾਬ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿੱਚੋਂ ਚੋਣਵੇਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਕੈਂਪ ’ਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਦਿਨੇਸ਼ ਸੀ. ਰੰਗਾਂਰਾਜਨ ਤਾਮਿਲਨਾਡੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਹਨਾ ਨਾਲ ਬਨੇਗਾ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਨੀ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਸੂਬਾ ਸਕੱਤਰ ਸੁੱਖਵਿੰਦਰ ਮਲੋਟ ਅਤੇ ਪਦਾਰਥਵਾਦੀ ਮੰਚ ਦੇ ਪ੍ਰਧਾਨ ਡਾ. ਇੰਦਰਬੀਰ ਗਿੱਲ ਵੀ ਹਾਜ਼ਰ ਸਨ। ਕੈਂਪ ਦੇ ਸਵਾਗਤੀ ਭਾਸ਼ਣ ’ਚ ਬਲਕਾਰ ਵਲਟੋਹਾ ਨੇ ਵਿਦਿਆਰਥੀਆਂ ਦੇ ਸਿਧਾਂਤਕ ਕੈਂਪ ਦੀ ਮਹੱਤਤਾ ਬਾਰੇ ਜਿਕਰ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਹੀ ਸਿਧਾਂਤ ਨਾਲ ਜੁੜਨਾ ਚਾਹੀਦਾ ਹੈ, ਕਿਉਕਿ ਸਿਧਾਂਤਕ ਸਮਝ ਹੀ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਜਾ ਸਕਦੀ ਹੈ।ਕੈਂਪ ਦਾ ਉਦਘਾਟਨ ਕਰਦਿਆਂ ਦਿਨੇਸ਼ ਸੀ. ਰੰਗਾਂਰਾਜਨ ਨੇ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਸ਼ਾਨਾਮੱਤਾ ਇਤਿਹਾਸ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸਿਧਾਂਤਕ ਤੌਰ ’ਤੇ ਸਿੱਖਿਅਤ ਕਰਕੇ ਸੰਘਰਸ਼ਾਂ ਦੇ ਮੈਦਾਨ ਲਈ ਆਗੂ ਤਿਆਰ ਕਰਦੇ ਹਾਂ। ਉਹਨਾ ਕਿਹਾ ਸਿਧਾਂਤ ਹੀ ਆਮ ਮਨੁੱਖ ਨੂੰ ਸੰਘਰਸ਼ਾਂ ਦੇ ਰਾਹ ’ਤੇ ਪੱਕੇ ਪੈਰੀਂ ਤੋਰਨ ਦਾ ਕੰਮ ਕਰਦਾ ਹੈ। ਰੰਗਾਂਰਾਜਨ ਨੇ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਕੰਮ ਕਰਨ ਵਾਲੇ ਹਰ ਵਿਦਿਆਰਥੀ ਸਿਧਾਂਤਕ ਤੌਰ ’ਤੇ ਪਰਪੱਕ ਹੋਣਾ ਚਾਹੀਦਾ ਹੈ ਅਤੇ ਆਪਣੇ ਸੰਘਰਸ਼ਾਂ ਨੂੰ ਤਿੱਖਾ ਕਰਨਾ ਚਾਹੀਦਾ ਹੈ।
ਇਸ ਮੌਕੇ ਜਗਰੂਪ ਸਿੰਘ ਅਤੇ ਚਰਨਜੀਤ ਸਿੰਘ ਛਾਂਗਾ ਰਾਏ ਵੱਲੋਂ ਮਾਰਕਸਵਾਦੀ ਫਲਸਫੇ ’ਤੇ ਗਹਿਰਾਈ ਨਾਲ ਕਲਾਸ ਦਿੱਤੀ ਗਈ।ਫਲਸਫੇ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਫਲਸਫ਼ਾ ਹੀ ਇਕੋ-ਇਕ ਸਿਧਾਂਤ ਹੈ, ਜੋ ਹਰ ਮੁਸ਼ਕਲ ਦਾ ਵਿਗਿਆਨਕ ਹੱਲ ਪੇਸ਼ ਕਰਦਾ ਹੈ ਅਤੇ ਹਰ ਇਕ ਨੌਜਵਾਨ ਨੂੰ ਫਲਸਫੇ ਦਾ ਡੂੰਘਾਈ ਨਾਲ ਅਧਿਐਨ ਕਰਨਾ ਚਾਹੀਦਾ।ਗੁਰਜੀਤ ਕੌਰ ਵੱਲੋਂ ਬਨੇਗਾ ਅਤੇ ਇਹਦੀ ਮਹੱਤਤਾ ਵਿਸ਼ੇ ’ਤੇ ਅਤੇ ਡਾ. ਇੰਦਰਬੀਰ ਗਿੱਲ ਵੱਲੋਂ ਸੰਸਾਰ ਕਮਿਊਨਿਸਟ ਲਹਿਰ ਵਿਸ਼ੇ ’ਤੇ ਬੜੀ ਸ਼ਿੱਦਤ ਨਾਲ ਦਿਲਚਸਪ ਵਿਚਾਰ-ਚਰਚਾ ਕੀਤੀ ਗਈ। ਕੈਂਪ ਵਿੱਚ ਸ਼ੁਬੇਗ ਝੰਗੜ ਭੈਣੀ, ਹਰਮੇਲ ਉਭਾ, ਚਰਨਜੀਤ ਸਿੰਘ ਚਮੇਲੀ, ਸੋਨਾ ਸਿੰਘ ਧੁਨਕਿਆ, ਅਸ਼ੋਕ ਸਿੰਘ ਢਾਬਾਂ, ਬੋਹੜ ਸਿੰਘ ਬੁੱਟਰ, ਜਗਵਿੰਦਰ ਕਾਕਾ, ਰੋਹਿਤ ਮਲੋਟ, ਸੁਰਿੰਦਰ ਦਾਤੇਵਾਲ, ਗੁਰਜੰਟ ਪਟਿਆਲਾ, ਅਮਨ ਪਟਿਆਲਾ ਦੀ ਅਗਵਾਈ ਵਿੱਚ ਸਾਥੀਆਂ ਨੇ ਸ਼ਮੂਲੀਅਤ ਕੀਤੀ। ਕੁਲਦੀਪ ਸਿੰਘ ਭੋਲਾ, ਸਵਰਨ ਸਿੰਘ ਖੋਸਾ, ਜਗਸੀਰ ਖੋਸਾ ਇਸ ਕੈਂਪ ਦੇ ਪ੍ਰਬੰਧਾਂ ਦੀ ਜਿੰਮੇਵਾਰੀ ਨਿਭਾ ਰਹੇ ਹਨ।