ਬਠਿੰਡਾ : ਬਠਿੰਡਾ ਪੁਲਸ ਨੇ ਸੋਸ਼ਲ ਮੀਡੀਆ ’ਤੇ ਕਮਲ ਕੌਰ ਭਾਬੀ ਦੇ ਨਾਂਅ ਨਾਲ ਮਸ਼ਹੂਰ ਕੰਚਨ ਕੁਮਾਰੀ ਦੇ ਕਾਤਲਾਂ ਦੀ ਸੂਹ ਲਾਉਣ ਦਾ ਦਾਅਵਾ ਕੀਤਾ ਹੈ।ਐੱਸ ਐੱਸ ਪੀ ਅਮਨੀਤ ਕੌਂਡਲ ਨੇ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਨਿਹੰਗ ਅੰਮਿ੍ਰਤਪਾਲ ਸਿੰਘ ਮਹਿਰੋਂ ਹੈ।ਉਨ੍ਹਾ ਦੱਸਿਆ ਕਿ ਫਿਲਹਾਲ ਉਹ ਪੁਲਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ। ਪੁਲਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਸ ਦੇ ਦੋ ਸਾਥੀਆਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ।ਉਨ੍ਹਾਂ ਦਾਅਵਾ ਕੀਤਾ ਕਿ ਅੰਮਿ੍ਰਤਪਾਲ ਸਿੰਘ ਮਹਿਰੋਂ ਦੀ ਗਿ੍ਰਫ਼ਤਾਰੀ ਲਈ ਪੁਲਸ ਟੀਮਾਂ ਸਰਗਰਮੀ ਨਾਲ ਉਸ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ ਅਤੇ ਉਸ ਨੂੰ ਜਲਦੀ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।ਐੱਸ ਐੱਸ ਪੀ ਨੇ ਦੱਸਿਆ ਕਿ ਕੰਚਨ ਕੁਮਾਰੀ ਨੂੰ ਸਾਜ਼ਿਸ਼ ਤਹਿਤ ਬਠਿੰਡਾ ਬੁਲਾਇਆ ਗਿਆ।ਇੱਥੇ ਉਸ ਨੂੰ ਫਾਹਾ ਲਾ ਕੇ ਮਾਰਨ ਤੋਂ ਬਾਅਦ ਉਸ ਦੀ ਲਾਸ਼ ਕਾਰ ਵਿਚ ਪਾ ਕੇ ਕਾਰ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਕਰ ਦਿੱਤੀ।ਉਨ੍ਹਾ ਦੱਸਿਆ ਕਿ ਇਹ ਵਾਰਦਾਤ 9 ਅਤੇ 10 ਜੂਨ ਦੀ ਰਾਤ ਨੂੰ ਹੋਈ।ਐੱਸ ਐੱਸ ਪੀ ਕਿਹਾ ਕਿ ਕਾਤਲਾਂ ਨੂੰ ਗੁੱਸਾ ਸੀ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ’ਤੇ ਲਚਰਤਾ ਪਰੋਸ ਰਹੀ ਸੀ ਅਤੇ ਇਸੇ ਕਰਕੇ ਉਸ ਦਾ ਕਤਲ ਕੀਤਾ ਗਿਆ।





