ਜਲੰਧਰ (ਨ ਜ਼ ਸ)-ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਲੰਮਾ ਸਮਾਂ ਅਕਾਊਂਟੈਂਟ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਾਥੀ ਭੀਮ ਰਾਓ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਸ਼ੁੱਕਰਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਸਾਥੀ ਰਾਓ ਨਵਾਂ ਜ਼ਮਾਨਾ ਤੋਂ ਸੇਵਾ-ਮੁਕਤ ਹੋਣ ਮਗਰੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵੀ ਅਕਾਊਂਟੈਂਟ ਵਜੋਂ ਸੇਵਾ ਕਰ ਰਹੇ ਸਨ। ਮਾਰਚ 1948 ਵਿੱਚ ਜਨਮੇ ਸਾਥੀ ਰਾਓ ਮੂਲ ਰੂਪ ਵਿੱਚ ਮਹਾਰਾਸ਼ਟਰ ਨਾਲ ਸੰਬੰਧਤ ਸਨ, ਪਰ ਉਹ ਪਿਛਲੇ ਲੰਮੇ ਅਰਸੇ ਤੋਂ ਜਲੰਧਰ ਵਿਖੇ ਹੀ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪਤਨੀ, ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਏ ਹਨ।
ਸਾਥੀ ਰਾਓ ਦੇ ਵਿਛੋੜੇ ਦੀ ਦੁਖਦਾਈ ਖ਼ਬਰ ਮਿਲਦਿਆਂ ਅਦਾਰਾ ਨਵਾਂ ਜ਼ਮਾਨਾ ਅਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸ਼ੋਕ ਸਭਾਵਾਂ ਕਰਕੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾ ਦੀਆਂ ਇਨ੍ਹਾਂ ਅਦਾਰਿਆਂ ਨੂੰ ਦਿੱਤੀਆਂ ਬੇਲਾਗ ਸੇਵਾਵਾਂ ਨੂੰ ਯਾਦ ਕੀਤਾ ਗਿਆ। ਉਹ ਬਹੁਤ ਹੀ ਖੁਸ਼ਮਿਜਾਜ਼ ਅਤੇ ਮਿਲਾਪੜੀ ਸ਼ਖਸੀਅਤ ਦੇ ਮਾਲਕ ਸਨ।
ਸ਼ੁੱਕਰਵਾਰ ਬਾਅਦ ਦੁਪਹਿਰ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਉਨ੍ਹਾ ਨੂੰ ਅੰਤਮ ਵਿਦਾਇਗੀ ਦਿੱਤੀ ਗਈ।
ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਤੀ ਹਿਸਾਬ-ਕਿਤਾਬ ਨੂੰ ਸ਼ੀਸ਼ੇ ਵਾਂਗ ਪਾਰਦਰਸ਼ਤ, ਸਿਲਸਿਲੇਵਾਰ ਪ੍ਰਮਾਣਿਕ ਵਿੱਤੀ ਰਾਸ਼ੀ ਦੀ ਇਕੱਤਰਤਾ ਅਤੇ ਖ਼ਰਚੇ ਦਸਤਾਵੇਜ਼ ਰੂਪ ਵਿੱਚ ਰਿਕਾਰਡ ਸੰਭਾਲ ਕੇ ਰੱਖਣ ਲਈ ਪਿਛਲੇ ਡੇਢ ਦਹਾਕੇ ਤੋਂ ਨਿਰੰਤਰ ਸੇਵਾਵਾਂ ਨਿਭਾਉਂਦੇ ਆ ਰਹੇ ਭੀਮ ਰਾਓ ਸਦੀਵੀ ਵਿਛੋੜਾ ਦੇ ਗਏ। ਸ਼ੁੱਕਰਵਾਰ ਮਾਡਲ ਟਾਊਨ ਸ਼ਮਸ਼ਾਨ ਭੂਮੀ ’ਚ ਉਹਨਾਂ ਦੇ ਪਰਵਾਰ, ਸਾਕ-ਸੰਬੰਧੀਆਂ, ਸੰਗੀ ਸਾਥੀਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਅਤੇ ਗੁਰਮੀਤ ਸਿੰਘ ਤੋਂ ਇਲਾਵਾ ਕਮੇਟੀ ’ਚ ਸੇਵਾਵਾਂ ਦਿੰਦੇ ਗੁਰਦੀਪ ਸਿੰਘ, ਭੂਵਨ ਆਦਿ ਨੇ ਭੀਮ ਰਾਓ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਉਹਨਾਂ ਦੀਆਂ ਧੀਆਂ, ਸਪੁੱਤਰ ਅਤੇ ਪੋਤਰੇ ਨੇ ਉਹਨਾਂ ਨੂੰ ਸਪੁਰਦ-ਏ-ਆਤਿਸ਼ ਕੀਤਾ। ਜ਼ਿਕਰਯੋਗ ਹੈ ਕਿ ਅੱਜ ਦੇਸ਼ ਭਗਤ ਯਾਦਗਾਰ ਹਾਲ ’ਚ ਭੀਮ ਰਾਓ ਦੇ ਵਿਛੋੜੇ ’ਤੇ ਸ਼ੋਕ ਸਭਾ ਕੀਤੀ ਗਈ ਅਤੇ ਉਹਨਾਂ ਦੀਆਂ ਦੇਸ਼ ਭਗਤ ਯਾਦਗਾਰ ਹਾਲ ਲਈ ਸੇਵਾਵਾਂ ਦਾ ਜ਼ਿਕਰ ਕਰਦਿਆਂ ਮਾਣ ਮਹਿਸੂਸ ਕੀਤਾ। ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਹਾਲ ਨਾਲ ਜੁੜੇ ਪਰਵਾਰਾਂ ਨੇ ਭੀਮ ਰਾਓ ਦੀ ਦੇਣ ਨੂੰ ਸਿਜਦਾ ਕੀਤਾ ਅਤੇ ਸ਼ੋਕ ਸੁਨੇਹੇ ਦੇਸ਼ ਭਗਤ ਹਾਲ ਦੇ ਦਫ਼ਤਰ ਪੁੱਜਦੇ ਕੀਤੇ।





