ਹਿਮਾਚਲ ’ਚ ਮੌਸਮ ਨੇ ਲਈ ਕਰਵਟ, ਗਰਮੀ ਤੋਂ ਬਾਅਦ ਮੀਂਹ

0
91

ਸ਼ਿਮਲਾ : ਭਾਰੀ ਗਰਮੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਲਈ ਰਾਹਤ ਦੀ ਖ਼ਬਰ ਆਈ ਹੈ। ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ। ਸ਼ੁੱਕਰਵਾਰ ਮੰਡੀ, ਮਨਾਲੀ, ਕਾਂਗੜਾ ਅਤੇ ਬਿਲਾਸਪੁਰ ਜ਼ਿਲ੍ਹਿਆਂ ’ਚ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ। ਇਸ ਤੋਂ ਪਹਿਲਾਂ ਵੀਰਵਾਰ ਵੀ ਸੂਬੇ ਦੇ ਕਈ ਇਲਾਕਿਆਂ ’ਚ ਮੀਂਹ ਅਤੇ ਗੜ੍ਹੇ ਪਏ। ਜਾਣਕਾਰੀ ਅਨੁਸਾਰ ਸੋਲਨ ਬਾਜ਼ਾਰ ’ਚ ਮੀਂਹ ਅਤੇ ਤੂਫ਼ਾਨ ਦੇ ਚਲਦੇ ਪੰਜ ਗੱਡੀਆ ’ਤੇ ਦਰੱਖ਼ਤ ਡਿੱਗ ਗਏ, ਉਥੇ ਹੀ ਮੰਡੀ ਦੇ ਧਰਮਪੁਰ ਦੇ ਕੋਲ ਮੰਡਪ, ਬਰੋਟੀ ਸਮੇਤ ਇਲਾਕਿਆਂ ’ਚ ਮੀਂਹ ਪੈਣ ਤੋਂ ਬਾਅਦ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਨੇ ਦੱਸਿਆ ਕਿ ਸੂਬੇ ’ਚ ਸਭ ਤੋਂ ਘੱਟ ਕੇਲਾਂਗ ’ਚ 9.0 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ, ਉਥੇ ਹੀ ਸਭ ਤੋਂ ਵੱਧ ਤਾਪਮਾਨ ਊਨਾ ਜ਼ਿਲ੍ਹੇ ’ਚ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮਨਾਲੀ ਦੇ ਕੋਠੀ ’ਚ 18 ਮਿਲੀਮੀਟਰ ਮੀਂਹ ਪਿਆ। ਚੰਬਾ ਦੇ ਚੁਵਾੜੀ ’ਚ 16 ਮਿਲੀਮੀਟਰ, ਸਿਰਮੌਰ ਦੇ ਪਾਉਂਟਾ ਸਾਹਿਬ ’ਚ 12.2 ਮਿਲੀਮੀਟਰ, ਧਰਮਸ਼ਾਲਾ ’ਚ 9.0, ਸ਼ਿਮਲਾ ਦੇ ਚੌਪਾਲ ’ਚ 8.6, ਮੰਡੀ ਦੇ ਪੰਡੋਹ ’ਚ 7.0, ਜਨੋਤ ਬੈਰਾਜ 5.2, ਕੋਟਖਾਈ ’ਚ 4.0 ਮੀਂਹ ਪਿਆ। ਊਨਾ ’ਚ ਆਮ ਨਾਲੋਂ ਪੰਜ ਡਿਗਰੀ ਪਾਰਾ ਜ਼ਿਆਦਾ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨ ਤੱਕ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ।