ਨਰੇਗਾ 2005 ਨੂੰ ਕਿਸੇ ਵੀ ਕੀਮਤ ’ਤੇ ਖ਼ਤਮ ਨਹੀਂ ਹੋਣ ਦੇਵਾਂਗੇ : ਗਦਾਈਆ, ਖੁਸ਼ੀਆ ਸਿੰਘ

0
145

ਧੂਰੀ (ਬਿੰਨੀ ਗਰਗ)
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵੱਲੋ ਸ਼ੇਰਪੁਰ ਇਲਾਕੇ ਦੇ ਨਰੇਗਾ ਕਾਮਿਆਂ ਦੀਆਂ ਮੁਸਕਲਾਂ ਦੇ ਹੱਲ ਲਈ ਬੀ ਡੀ ਪੀ ਓ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਕੜਕਦੀ ਧੁੱਪ ਅਤੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸ਼ਾਮਲ ਸਨ। ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਖੁਸ਼ੀਆ ਸਿੰਘ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਰੇਗਾ 2005 ਪਿੰਡਾਂ ’ਚੋਂ ਕੰਮ ਦੀ ਘਾਟ ਹੈ, ਜੋ ਕਿ ਖੇਤੀ ਦੇ ਮਸ਼ੀਨੀਕਰਨ ਹੋ ਜਾਣ ਕਾਰਨ ਹੋਈ, ਇਸ ਕਰਕੇ ਯੂ ਪੀ ਏ-1 ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਵਿੱਚ ਕੰਮ ਦੇਣ ਲਈ ਕਮਿਊਨਿਸਟਾਂ ਦੀ ਪਹਿਲਕਦਮੀ ’ਤੇ ਬਣਾਇਆ, ਕਿਉਕਿ ਕਮਿਊਨਿਸਟ ਪਾਰਟੀਆ ਨੇ ਬਾਹਰੋਂ ਰਹਿ ਕੇ ਯੂ ਪੀ ਏ-1 ਦੀ ਮਦਦ ਕੀਤੀ ਸੀ। ਇਸ ਸਮੇਂ ਇਸ ਕਿਰਤੀ ਪੱਖੀ ਐਕਟ ਨੂੰ ਕੇਂਦਰ ਦੀ ਭਾਜਪਾ ਸਰਕਾਰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਦੀ ਬਜਾਏ ਇਸ ਦੇ ਖਾਤਮੇ ਦੀਆਂ ਗੋਂਦਾਂ ਗੁੰਦ ਰਹੀ ਹੈ। ਪਿੰਡਾ ਵਿੱਚ ਕੰਮ ਦੀ ਘਾਟ ਕਾਰਨ ਪੇਂਡੂ ਕਿਰਤੀ ਕੰਮ ਲਈ ਮਾਰੇ-ਮਾਰੇ ਫ਼ਿਰ ਰਹੇ ਹਨ, ਉਹਨਾਂ ਨੂੰ ਕੰਮ ਮੰਗਣ ’ਤੇ ਵੀ ਕੰਮ ਨਹੀਂ ਦਿੱਤਾ ਜਾ ਰਿਹਾ। ਐਕਟ ਅਨੁਸਾਰ ਜਦੋਂ ਕਾਮੇਂ ਕੰਮ ਦੀ ਮੰਗ ਕਰਦੇ ਹਨ ਤਾਂ ਅਰਜ਼ੀਆਂ ਦਰਜ ਨਹੀਂ ਕੀਤੀਆਂ ਜਾਂਦੀਆਂ, ਜੇਕਰ ਲਈਆਂ ਵੀ ਜਾਂਦੀਆਂ ਹਨ ਤਾਂ ਟਾਇਮ ਸਿਰ ਕੰਮ ਨਹੀਂ ਦਿੱਤਾ ਜਾਂਦਾ। ਇਸ ਸਮੇਂ ਪੰਜਾਬ ਵਿੱਚ ਵੱਡੀ ਗਿਣਤੀ ਪਿੰਡ ਅਜਿਹੇ ਹਨ, ਜਿਥੇ 100 ਦਿਨ ਦਾ ਕੰਮ ਅਜੇ ਤੱਕ ਨਸੀਬ ਨਹੀਂ ਹੋਇਆ। ਕੇਂਦਰ ਸਰਕਾਰ ਨੇ ਨਰੇਗਾ ਕਾਮਿਆਂ ਲਈ ਕੇਂਦਰੀ ਬਜਟ ਵਿੱਚ ਕੋਈ ਵਾਧਾ ਨਹੀਂ ਕੀਤਾ, ਲਗਾਤਾਰ ਬਜਟ ਵਿੱਚ ਕੱਟ ਲਾਇਆ ਜਾ ਰਿਹਾ ਹੈ। ਦੁਨੀਆ ਵਿੱਚ ਵਧ ਰਹੀ ਬੇਰੁਜ਼ਗਾਰੀ ਕਾਰਨ ਕੰਮ ਲਗਾਤਾਰ ਘਟ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜੁਗਰਾਜ ਸਿੰਘ ਰਾਮਾ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਨੇ ਇੱਕ ਫੁਰਮਾਨ ਜਾਰੀ ਕਰਕੇ ਕੰਮ ਲਿਮਟ ਕਰ ਦਿੱਤਾ ਹੈ ਕਿ ਸਤੰਬਰ ਮਹੀਨੇ ਦੀ ਛਿਮਾਹੀ ਤੱਕ ਬਜਟ 60 ਪ੍ਰਤੀਸ਼ਤ ਹੀ ਖਰਚਿਆ ਜਾ ਸਕਦਾ, ਬਾਕੀ 40 ਪ੍ਰਤੀਸ਼ਤ 31 ਮਾਰਚ ਤੱਕ ਖ਼ਰਚਣਾ ਹੈ। ਨਰੇਗਾ ਆਗੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵੱਲੋਂ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਕੋਠੀ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਧਰਨੇ ਵਿੱਚ ਦੁੱਲਾ ਸਿੰਘ ਬਾਜਵਾ, ਕੌਰ ਸਿੰਘ ਕਲਾਲ ਮਾਜਰਾ, ਪ੍ਰਕਾਸ਼ ਸਿੰਘ ਕੁਰੜ ਨੇ ਵੀ ਸੰਬੋਧਨ ਕੀਤਾ।