ਇਜ਼ਰਾਈਲ ਸੰਸਾਰ ਅਮਨ ਦਾ ਸਭ ਤੋਂ ਵੱਡਾ ਦੁਸ਼ਮਣ : ਅਰਸ਼ੀ

0
141

ਬੁਢਲਾਡਾ (ਅਸ਼ੋਕ ਲਾਕੜਾ)
ਸੀ ਪੀ ਆਈ ਬਲਾਕ ਕਮੇਟੀ ਦੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਦੀ ਪ੍ਰਧਾਨਗੀ ਹੇਠ ਸਥਾਨਕ ਪਾਰਟੀ ਦਫਤਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਇਜ਼ਰਾਈਲ ਅਮਰੀਕਨ ਸਾਮਰਾਜ ਦੀ ਚੁੱਕ ’ਤੇ ਸੰਸਾਰ ਅਮਨ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਹੈ। ਉਨ੍ਹਾ ਇਜ਼ਰਾਈਲ ਵੱਲੋਂ ਈਰਾਨ ’ਤੇ ਹਮਲਾ ਕਰਨ ਦੀ ਨਿਖੇਧੀ ਕਰਦੇ ਹੋਏ ਤੁਰੰਤ ਜੰਗਬੰਦੀ ਕਰਨ ਲਈ ਜ਼ੋਰ ਦਿੱਤਾ।
ਕਮਿਊਨਿਸਟ ਆਗੂ ਨੇ ਮੋਦੀ ਸਰਕਾਰ ਦੀ ਇਜ਼ਰਾਈਲ ਪੱਖੀ ਵਿਦੇਸ਼ ਨੀਤੀ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਫਲਸਤੀਨੀਆਂ ਦੇ ਕਾਜ਼ ਨਾਲ ਖੜਨਾ ਚਾਹੀਦਾ ਹੈ, ਕਿਉਕਿ ਭਾਰਤ ਦੀ ਸ਼ੁਰੂ ਤੋਂ ਹੀ ਫਲਸਤੀਨ ਦੇ ਹੱਕ ਵਿੱਚ ਖੜਨ ਦੀ ਨੀਤੀ ਰਹੀ ਹੈ।
ਮੀਟਿੰਗ ’ਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਨਿਖੇਧੀ ਕਰਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਸਕੱਤਰ ਵੇਦ ਪਰਕਾਸ਼, ਸੀਤਾ ਰਾਮ ਗੋਬਿੰਦਪੁਰਾ, ਪਾਰਟੀ ਦੇ ਸੀਨੀਅਰ ਆਗੂ ਮਲਕੀਤ ਸਿੰਘ ਮੰਦਰਾਂ ਤੇ ਜਗਸੀਰ ਸਿੰਘ ਰਾਏਕੇ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਣ ਵਾਲੀ 21 ਸਤੰਬਰ ਤੋਂ 25 ਸਤੰਬਰ ਤੱਕ ਪਾਰਟੀ ਦੀ 25ਵੀ ਕਾਂਗਰਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਹੁਣ ਤੱਕ ਬੁਢਲਾਡਾ ਹਲਕੇ ਵਿੱਚਂੋ ਤਕਰੀਬਨ 7 ਲੱਖ ਦੇ ਕਰੀਬ ਫੰਡ ਇਕੱਠਾ ਹੋ ਗਿਆ ਹੈ ਅਤੇ ਹੋਰ ਇਕੱਠਾ ਕੀਤਾ ਜਾ ਰਿਹਾ ਹੈ।
ਉਕਤ ਆਗੂਆਂ ਨੇ ਦੱਸਿਆ ਕਿ ਪਾਰਟੀ ਕਾਂਗਰਸ ਦੀ ਪਹਿਲੇ ਦਿਨ ਹੋਣ ਵਾਲੀ ਭਾਰੀ ਰੈਲੀ ਵਿਚ ਬੁਢਲਾਡਾ ਹਲਕੇ ਤੋਂ ਘੱਟੋ-ਘੱਟ ਪੰਦਰਾਂ ਬੱਸਾਂ ਦਾ ਕਾਫ਼ਲਾ ਪਹੁੰਚੇਗਾ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵ ਗੁਰਦਾਸ ਸਿੰਘ ਟਾਹਲੀਆਂ, ਹਰਮੀਤ ਸਿੰਘ, ਸੁਖਦੇਵ ਸਿੰਘ ਬੋੜਾਵਾਲ, ਮਨਪ੍ਰੀਤ ਸਿੰਘ ਫਰੀਦ ਕੇ, ਕਰਨੈਲ ਸਿੰਘ ਦਾਤੇਵਾਸ, ਹਰਦਿਆਲ ਸਿੰਘ ਦਾਤੇਵਾਸ, ਮੱਖਣ ਸਿੰਘ ਰੰਘੜਿਆਲ, ਜੱਗਾ ਸਿੰਘ ਸ਼ੇਰਖਾਂ, ਮਾਸਟਰ ਰਘੂਨਾਥ, ਚਿਮਨ ਲਾਲ ਕਾਕਾ, ਹਰਕੇਸ਼ ਮੰਡੇਰ, ਰਾਜਵਿੰਦਰ ਸਿੰਘ ਚੱਕ ਭਾਈਕੇ, ਪਵਨ ਸ਼ਰਮਾ, ਬੰਬੂ ਸਿੰਘ ਫੁੱਲੂਵਾਲਾ, ਗਰੀਬ ਸਿੰਘ, ਜਗਤਾਰ ਸਿੰਘ ਕਾਲ਼ਾ ਤੇ ਕਾਮਰੇਡ ਰਾਣਾ ਆਦਿ ਹਾਜ਼ਰ ਸਨ।