ਸੋਨੀਪਤ : ਖਰਖੌਦਾ ਵਿੱਚ ਕੌਮੀ ਰਾਜਧਾਨੀ ਖੇਤਰ ਨਾਲ ਲੱਗਦੀ ਨਹਿਰ ’ਚੋਂ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਇਹ ਲਾਸ਼ ਹਰਿਆਣਵੀ ਮਾਡਲ ਸ਼ੀਤਲ ਦੀ ਦੱਸੀ ਜਾਂਦੀ ਹੈ। ਮਾਡਲ ਦਾ ਗਲ ਵੱਢਿਆ ਹੋਇਆ ਸੀ।ਉਹ ਪਾਣੀਪਤ ਦੇ ਖਲੀਲਾ ਮਜ਼ਰਾ ਦੀ ਰਹਿਣ ਵਾਲੀ ਸੀ ਤੇ ਇਸ ਵੇਲੇ ਪਾਣੀਪਤ ਦੀ ਸਤ ਕਰਤਾਰ ਕਾਲੋਨੀ ਵਿੱਚ ਆਪਣੀ ਭੈਣ ਨੇਹਾ ਨਾਲ ਰਹਿ ਰਹੀ ਸੀ। ਸ਼ੀਤਲ ਦੀ ਭੈਣ ਨੇ ਐਤਵਾਰ ਪਾਣੀਪਤ ਦੇ ਪੁਰਾਣੇ ਸਨਅਤੀ ਏਰੀਆ ਵਿਚਲੇ ਪੁਲਸ ਥਾਣੇ ਵਿੱਚ ਸ਼ੀਤਲ ਦੀ ਗੁੰਮਸ਼ੁਦਗੀ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਆਪਣੇ ਬੁਆਏਫਰੈਂਡ ਨਾਲ ਸੀ, ਜਿਸ ਦੀ ਕਾਰ ਨਹਿਰ ਨੇੜਿਓਂ ਬਰਾਮਦ ਕਰ ਲਈ ਗਈ ਹੈ।
ਸੁਣਨ ਵਿੱਚ ਆਇਆ ਹੈ ਕਿ ਸ਼ੀਤਲ ਨੇ ਆਪਣੀ ਭੈਣ ਨੂੰ ਵੀਡੀਓ ਕਾਲ ਰਾਹੀਂ ਦੱਸਿਆ ਸੀ ਕਿ ਉਸ ਦੇ ਬੁਆਏਫਰੈਂਡ ਨੇ ਉਸ ਨੂੰ ਮਾਰਿਆ-ਕੁੱਟਿਆ ਹੈ ਅਤੇ ਉਸ ਦੀ ਗਰਦਨ ’ਤੇ ਵੀ ਸੱਟ ਲੱਗੀ ਹੈ। ਇਸ ਮਗਰੋਂ ਉਸ ਦਾ ਆਪਣੀ ਭੈਣ ਨਾਲ ਸੰਪਰਕ ਟੁੱਟ ਗਿਆ। ਬਾਅਦ ਵਿੱਚ ਐਤਵਾਰ ਰਾਤ ਸ਼ੀਤਲ ਦੀ ਲਾਸ਼ ਨਹਿਰ ਵਿੱਚੋਂ ਮਿਲੀ।



