ਅੰਮਿ੍ਰਤਸਰ : ਬੀ ਐੱਸ ਐੱਫ ਨੇ 7.4 ਕਿੱਲੋ ਤੋਂ ਵੱਧ ਆਈਸ ਜ਼ਬਤ ਕੀਤੀ ਹੈ। ਇਹ ਨਸ਼ੀਲਾ ਪਦਾਰਥ ਪਾਕਿਸਤਾਨ ਤੋਂ ਇੱਕ ਡਰੋਨ ਰਾਹੀਂ ਭੇਜਿਆ ਗਿਆ ਸੀ। ਡਰੋਨ ਸ਼ੁੱਕਰਵਾਰ ਸਵੇਰੇ 2.30 ਵਜੇ ਦੇ ਕਰੀਬ ਅੰਮਿ੍ਰਤਸਰ ਦੇ ਮੋਡ ਪਿੰਡ ਦੇ ਖੇਤ ਵਿੱਚ ਡਿੱਗ ਪਿਆ। ਡਰੋਨ ਦੇ ਨਾਲ ਇੱਕ ਵੱਡੇ ਕਾਲੇ ਰੰਗ ਦਾ ਬੈਗ ਮਿਲਿਆ, ਜਿਸ ਵਿੱਚੋਂ ਆਈਸ (ਮੇਥਾਮਫੇਟਾਮਾਈਨ) ਦੇ ਸੱਤ ਪੈਕੇਟ ਮਿਲੇ, ਜਿਸ ਦਾ ਕੁੱਲ ਭਾਰ 7.470 ਕਿੱਲੋ ਨਿਕਲਿਆ। ਆਈਸ ਇੱਕ ਪਾਰਟੀ ਡਰੱਗ ਹੈ, ਜੋ ਮਹਾਂਨਗਰਾਂ ਵਿੱਚ ਕਾਫੀ ਪ੍ਰਚੱਲਤ ਹੈ।
ਮਾਓਵਾਦੀ ਮਹਿਲਾ ਨੂੰ ਮਾਰਿਆ
ਕਾਂਕੇਰ : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਛੋਟਾਬੇਠੀਆ ਪੁਲਸ ਥਾਣੇ ਅਧੀਨ ਅਮਾਟੋਲਾ ਅਤੇ ਕਲਪਰ ਪਿੰਡਾਂ ਵਿਚਕਾਰ ਸ਼ੁੱਕਰਵਾਰ ਸਵੇਰੇ ਜ਼ਿਲ੍ਹਾ ਰਿਜ਼ਰਵ ਗਾਰਡ ਤੇ ਬੀ ਐੱਸ ਐੱਫ ਦੀ ਸਾਂਝੀ ਟੀਮ ਨੇ ਮੁਕਾਬਲੇ ’ਚ ਮਾਓਵਾਦੀ ਮਹਿਲਾ ਨੂੰ ਮਾਰ ਦਿੱਤਾ।
ਪੁਲਾੜ ਯਾਤਰਾ ਫਿਰ ਮੁਲਤਵੀ
ਨਵੀਂ ਦਿੱਲੀ : ਨਾਸਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਐੱਕਸੀਓਮ-4 ਮਿਸ਼ਨ ਦੀ 22 ਜੂਨ ਨੂੰ ਹੋਣ ਵਾਲੀ ਲਾਂਚਿੰਗ ਇੱਕ ਵਾਰ ਫੇਰ ਮੁਲਤਵੀ ਕਰ ਦਿੱਤੀ ਹੈ। ਜ਼ਰੂਰੀ ਜਾਂਚ ਲਈ ਮਿਸ਼ਨ ਨੂੰ ਹੁਣ ਤੱਕ 6ਵੀਂ ਵਾਰ ਮੁਲਤਵੀ ਕੀਤਾ ਗਿਆ ਹੈ। ਐਕਸੀਓਮ-4 ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ, ਜਿਸ ਵਿੱਚ ਸੁਭਾਂਸ਼ੂ ਸ਼ੁਕਲਾ ਮਿਸ਼ਨ ਪਾਇਲਟ ਵਜੋਂ ਜਾਣਗੇ।
ਰਸਤੋਗੀ ਦਾ ਸੇਵਾਕਾਲ ਵਧਿਆ
ਚੰਡੀਗੜ੍ਹ : ਕੇਂਦਰ ਨੇ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੇ ਅਹੁਦੇ ਦੀ ਮਿਆਦ ਵਿਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ 1 ਜੁਲਾਈ, 2025 ਤੋਂ 30 ਜੂਨ, 2026 ਤੱਕ ਅਮਲ ਵਿੱਚ ਰਹੇਗਾ। ਨਾਇਬ ਸੈਣੀ ਸਰਕਾਰ ਨੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਰਸਤੋਗੀ ਲਈ ਵਾਧਾ ਮੰਗਿਆ ਸੀ। ਇਸ ਨਾਲ ਸੁਧੀਰ ਰਾਜਪਾਲ, ਸੁਮਿਤਾ ਮਿਸ਼ਰਾ, ਆਨੰਦ ਮੋਹਨ ਸ਼ਰਨ ਤੇ ਰਾਜਾ ਸ਼ੇਖਰ ਵੰਦਰੂ ਅਤੇ ਵਿਨੀਤ ਗਰਗ, ਅਨਿਲ ਮਲਿਕ, ਜੀ ਅਨੁਪਮਾ, ਏ ਕੇ ਸਿੰਘ ਅਤੇ ਅਭਿਲਕਸ਼ ਲੇਖੀ ਦੇ ਮੁੱਖ ਸਕੱਤਰ ਬਣਨ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ।




