ਬੇਂਗਲੁਰੂ : ਇੱਥੇ ਹਵਾਈ ਅੱਡੇ ਉਤੇ ਡਾ. ਵਿਆਸ ਹੀਰਲ ਮੋਹਨਭਾਈ ਨਾਮੀ ਮਹਿਲਾ ਡਾਕਟਰ ਨੇ ਏਅਰ ਇੰਡੀਆ ਦੀ ਇੱਕ ਉਡਾਣ ਦੇ ਅਮਲੇ ਨੂੰ ਜਹਾਜ਼ ਕਰੈਸ਼ ਕਰ ਦੇਣ ਦੀ ਧਮਕੀ ਦਿੱਤੀ ਅਤੇ ਇਸ ਕਾਰਨ ਉਸ ਨੂੰ ਜਹਾਜ਼ ਤੋਂ ਉਤਾਰਨਾ ਪਿਆ। ਆਪਣੇ ਸਾਮਾਨ ਕਾਰਨ ਅਮਲੇ ਨਾਲ ਹੋਏ ਝਗੜੇ ਕਰਕੇ ਲੋਹੀ-ਲਾਖੀ ਹੋਈ ਡਾਕਟਰ ਨੇ ਇਹ ਧਮਕੀ ਦਿੱਤੀ ਸੀ।ਉਸ ਦਾ ਉਡਾਣ ਅਮਲੇ ਨਾਲ ਉਦੋਂ ਝਗੜਾ ਹੋ ਗਿਆ ਜਦੋਂ ਉਸ ਵੱਲੋਂ ਆਪਣੀ ਸੀਟ ’ਤੇ ਜਾਣ ਤੋਂ ਪਹਿਲਾਂ ਹੀ ਆਪਣਾ ਕੈਬਿਨ ਲਗੇਜ ਵਾਲਾ ਸਾਮਾਨ ਜਹਾਜ਼ ਦੀ ਪਹਿਲੀ ਕਤਾਰ ਵਿੱਚ ਰੱਖਣ ’ਤੇ ਅਮਲੇ ਨੇ ਇਤਰਾਜ਼ ਕੀਤਾ। ਅਮਲੇ ਨੇ ਉਸ ਨੂੰ ਸਾਮਾਨ ਆਪਣੀ ਸੀਟ ਦੇ ਉੱਪਰਲੇ ਡੱਬੇ ਵਿੱਚ ਰੱਖਣ ਲਈ ਕਿਹਾ, ਪਰ ਉਸ ਨੇ ਧਿਆਨ ਨਹੀਂ ਦਿੱਤਾ ਅਤੇ ਕਥਿਤ ਤੌਰ ’ਤੇ ਚਾਲਕ ਦਲ ਨਾਲ ਝਗੜਨਾ ਸ਼ੁਰੂ ਕਰ ਦਿੱਤਾ। ਜਦੋਂ ਕੁਝ ਮੁਸਾਫਰਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਥਿਤ ਤੌਰ ’ਤੇ ਮੁਸਾਫਰਾਂ ਨਾਲ ਵੀ ਉਲਝ ਪਈ। ਉਸ ਨੇ ਅਮਲੇ ਨੂੰ ਧਮਕੀ ਦਿੱਤੀ ਕਿ ਉਹ ਜਹਾਜ਼ ਨੂੰ ਕਰੈਸ਼ ਕਰ ਦੇਵੇਗੀ। ਇਸ ਤੋਂ ਬਾਅਦ ਕੈਪਟਨ ਅਤੇ ਚਾਲਕ ਦਲ ਨੇ ਹਵਾਈ ਅੱਡੇ ਦੀ ਸੁਰੱਖਿਆ ਲਈ ਬੁਲਾਇਆ, ਜਿਸ ਨੇ ਡਾਕਟਰ ਨੂੰ ਜਹਾਜ਼ ਤੋਂ ਬਾਹਰ ਕੱਢ ਦਿੱਤਾ। ਰਿਪੋਰਟਾਂ ਅਨੁਸਾਰ ਪੁਲਸ ਸਟੇਸ਼ਨ ਲਿਜਾਏ ਜਾਣ ਤੋਂ ਬਾਅਦ ਵੀ ਔਰਤ ਇਸ ਤਰ੍ਹਾਂ ਦਾ ਵਿਹਾਰ ਕਰਦੀ ਰਹੀ। ਉਸ ਖਿਲਾਫ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।




