ਜਲੰਧਰ : ਨਵੇਂ ਬਣ ਰਹੇ ਜਲੰਧਰ ਕੈਂਟ ਸਟੇਸ਼ਨ ’ਤੇ ਸਨਿੱਚਰਵਾਰ ਸਵੇਰੇ 11:30 ਵਜੇ ਮੋਬਾਇਲ ਕਰੇਨ ਪਾਰਕਿੰਗ ਵਿੱਚ ਡਿੱਗਣ ਕਾਰਨ ਕਈ ਦਰਜਨ ਵਾਹਨਾਂ ਨੂੰ ਨੁਕਸਾਨ ਪੁੱਜਾ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦੌਰਾਨ ਯਾਤਰੀਆਂ ਲਈ ਕੰਟੇਨਰ ਵਿੱਚ ਬਣੇ ਟਾਇਲਟ ਨੂੰ ਵੀ ਨੁਕਸਾਨ ਪਹੁੰਚਿਆ, ਪਰ ਉਦੋਂ ਕੋਈ ਯਾਤਰੀ ਟਾਇਲਟ ਦੇ ਅੰਦਰ ਨਹੀਂ ਸੀ।
ਗੋਲੀ ਚੱਲਣ ਨਾਲ ਇੱਕ ਜ਼ਖਮੀ
ਜਲੰਧਰ : ਇੱਥੇ ਸਨਿੱਚਰਵਾਰ ਛੋਟੀ ਬਾਰਾਂਦਰੀ ’ਚ ਪਲਾਟ ਨੰਬਰ ਤਿੰਨ ’ਚ ਉਸਾਰੀ ਦੌਰਾਨ ਝਗੜਾ ਹੋਣ ਕਰਕੇ ਮਾਲਕ ਹਰਪ੍ਰੀਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਮਕਾਨ ਨੰਬਰ ਚਾਰ ਦੇ ਮਾਲਕ ਸਟੀਵਨ ਕਲੇਰ ਦੇ ਗੰਨਮੈਨ ਨੇ ਗੋਲੀ ਚਲਾਈ। ਗੋਲੀ ਹਰਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀ। ਹਰਪ੍ਰੀਤ ਸਿੰਘ ਮਿੱਟੀ ਦੀ ਇੱਕ ਟਰਾਲੀ ਲੈ ਕੇ ਆਇਆ ਸੀ। ਜਦੋਂ ਪਲਾਟ ਵਿੱਚ ਮਿੱਟੀ ਪਾਉਣੀ ਸ਼ੁਰੂ ਹੋਈ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਗੰਨਮੈਨ ਨੇ ਆਪਣੇ ਸਰਕਾਰੀ ਹਥਿਆਰ ਤੋਂ ਗੋਲੀ ਚਲਾ ਦਿੱਤੀ। ਪੁਲਸ ਨੇ ਗੰਨਮੈਨ ਨੂੰ ਗਿ੍ਰਫਤਾਰ ਕਰ ਲਿਆ ਹੈ। ਏ ਸੀ ਪੀ ਜਗਰੂਪ ਕੌਰ ਨੇ ਗੰਨਮੈਨ ਦੀ ਪਛਾਣ ਅਸ਼ਵਨੀ ਵਜੋਂ ਦੱਸੀ ਹੈ।
ਏਅਰ ਇੰਡੀਆ ਦੇ ਤਿੰਨ ਅਧਿਕਾਰੀ ਰੋਸਟਰਿੰਗ ਡਿਊਟੀ ਤੋਂ ਹਟਾਏ
ਮੁੰਬਈ : ਦੇਸ਼ ਦੇ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਅਦਾਰੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ ਜੀ ਸੀ ਏ) ਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਤਿੰਨ ਅਧਿਕਾਰੀਆਂ ਨੂੰ ਗੰਭੀਰ ਸੁਰੱਖਿਆ ਖਾਮੀਆਂ ਕਾਰਨ ਕਰੂ ਸ਼ਡਿਊਲਿੰਗ ਅਤੇ ਰੋਸਟਰਿੰਗ ਨਾਲ ਸੰਬੰਧਤ ਸਾਰੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਹਟਾ ਦੇਵੇ। ਅਜਿਹੇ ਅਧਿਕਾਰੀਆਂ ਵਿੱਚ ਇੱਕ ਡਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਸ਼ਾਮਲ ਹੈ।ਦੂਜੇ ਪਾਸੇ ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਰੈਗੂਲੇਟਰ ਦੀਆਂ ਹਦਾਇਤਾਂ ਨੂੰ ਮੰਨ ਲਿਆ ਹੈ ਅਤੇ ਹੁਕਮਾਂ ਨੂੰ ਲਾਗੂ ਕਰ ਦਿੱਤਾ ਹੈ। ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਏਕੀਕਿ੍ਰਤ ਸੰਚਾਲਨ ਕੰਟਰੋਲ ਕੇਂਦਰ ਦੀ ਸਿੱਧੀ ਨਿਗਰਾਨੀ ਕਰਨਗੇ। ਏਅਰ ਇੰਡੀਆ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੁਰੱਖਿਆ ਪ੍ਰੋਟੋਕੋਲ ਅਤੇ ਮਿਆਰੀ ਅਭਿਆਸਾਂ ਦੀ ਪੂਰੀ ਪਾਲਣਾ ਹੋਵੇ।
ਸਰੀਰ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ : ਨੀਰਜ
ਪੈਰਿਸ : ਨੀਰਜ ਚੋਪੜਾ ਨੇ ਕਿਹਾ ਹੈ ਕਿ ਕੌਮਾਂਤਰੀ ਮੁਕਾਬਲਿਆਂ ਵਿੱਚ ਲਗਾਤਾਰ 90 ਮੀਟਰ ਤੋਂ ਵੱਧ ਦੂਰੀ ਤੈਅ ਕਰਨ ਲਈ ਉਸ ਨੂੰ ਆਪਣੀਆਂ ਮੁੱਖ ਮਾਸਪੇਸ਼ੀਆਂ ’ਤੇ ਸਖਤ ਮਿਹਨਤ ਕਰਨ ਅਤੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਜੈਵਲਿਨ ਥਰੋਅ ਵਰਗੀ ਖੇਡ ਵਿੱਚ ਸਰੀਰ ਦੀਆਂ ਮੁੱਖ ਮਾਸਪੇਸ਼ੀਆਂ ਤਾਕਤ ਪੈਦਾ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਚੋਪੜਾ ਨੇ ਸ਼ੁੱਕਰਵਾਰ 88.16 ਮੀਟਰ ਦੇ ਥਰੋਅ ਨਾਲ ਦੋ ਸਾਲਾਂ ਵਿੱਚ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ ਹੈ, ਪਰ ਉਹ ਇਸ ਸਾਲ ਦੇ ਸ਼ੁਰੂ ਵਿੱਚ ਦੋਹਾ ਡਾਇਮੰਡ ਲੀਗ ਵਿੱਚ ਦਰਜ ਕੀਤੇ ਗਏ ਆਪਣੇ ਨਿੱਜੀ ਸਰਵੋਤਮ 90.23 ਮੀਟਰ ਦੇ ਥਰੋਅ ਤੋਂ ਪਿੱਛੇ ਰਹਿ ਗਿਆ।




