ਨਵੀਂ ਦਿੱਲੀ : ਸੋਨੀਆ ਗਾਂਧੀ ਨੇ ਈਰਾਨ-ਇਜ਼ਰਾਈਲ ਟਕਰਾਅ ’ਤੇ ਭਾਰਤ ਸਰਕਾਰ ਦੀ ਚੁੱਪ ਨੂੰ ਨਾ ਸਿਰਫ ਇੱਕ ਕੂਟਨੀਤਕ ਚੂਕ ਸਗੋਂ ਭਾਰਤ ਦੀਆਂ ਇਖਲਾਕੀ ਤੇ ਰਣਨੀਤਕ ਰਵਾਇਤਾਂ ਤੋਂ ਥਿੜਕਣ ਕਰਾਰ ਦਿੱਤਾ ਹੈ। ਸ਼ੁੱਕਰਵਾਰ ‘ਦੀ ਹਿੰਦੂ’ ਅਖਬਾਰ ਵਿੱਚ ਲਿਖੇ ਇੱਕ ਲੇਖ ’ਚ ਸੋਨੀਆ ਗਾਂਧੀ ਨੇ ਇਜ਼ਰਾਈਲ ਵੱਲੋਂ 13 ਜੂਨ ਨੂੰ ਈਰਾਨੀ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਨੂੰ ਨਾਜਾਇਜ਼ ਤੇ ਈਰਾਨੀ ਪ੍ਰਭੂਸੱਤਾ ਦੀ ਉਲੰਘਣਾ ਕਰਾਰ ਦਿੱਤਾ ਹੈ। ਭਾਰਤ ਨੂੰ ਗਾਜ਼ਾ ’ਚ ਹੋ ਰਹੀ ਤਬਾਹੀ ਤੇ ਈਰਾਨ ’ਤੇ ਹੋ ਰਹੇ ਹਮਲਿਆਂ ਬਾਰੇ ਸਪੱਸ਼ਟ, ਜ਼ਿੰਮੇਦਾਰ ਤੇ ਮਜ਼ਬੂਤ ਆਵਾਜ਼ ਵਿੱਚ ਬੋਲਣਾ ਚਾਹੀਦਾ ਹੈ।
ਸੋਨੀਆ ਨੇ ਲਿਖਿਆ ਹੈ ਕਿ ਕਾਂਗਰਸ ਪਾਰਟੀ ਨੇ ਇਜ਼ਰਾਈਲੀ ਬੰਬਾਰੀ ਤੇ ਟਾਰਗੇਟ ਕਿਲਿੰਗ ਦੀ ਨਿੰਦਾ ਕੀਤੀ ਹੈ, ਜੋ ਈਰਾਨੀ ਧਰਤੀ ’ਤੇ ਕੀਤੀਆਂ ਗਈਆਂ। ਇਹ ਨਾ ਸਿਰਫ ਨਾਗਰਿਕਾਂ ਦੀ ਜ਼ਿੰਦਗੀ ਲਈ ਘਾਤਕ ਹੈ, ਸਗੋਂ ਇਲਾਕਾਈ ਤੇ ਸੰਸਾਰ ਅਸਥਿਰਤਾ ਨੂੰ ਵੀ ਬੜ੍ਹਾਵਾ ਦੇਣਗੀਆਂ।
ਸੋਨੀਆ ਨੇ ਚੇਤੇ ਕਰਾਇਆ ਹੈ ਕਿ ਈਰਾਨ ਨੇ 1994 ਵਿੱਚ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਮੁੱਦੇ ’ਤੇ ਭਾਰਤ ਵਿਰੁੱਧ ਮਤੇ ਨੂੰ ਰੋਕਣ ਵਿੱਚ ਮਦਦ ਕੀਤੀ ਸੀ। ਸੋਨੀਆ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਖੁਦ ਜੰਗ ਦੇ ਖਿਲਾਫ ਸਨ, ਪਰ ਹੁਣ ਉਹ 2003 ਦੀਆਂ ਇਰਾਕ ਵਰਗੀਆਂ ਗਲਤੀਆਂ ਦੁਹਰਾ ਰਹੇ ਹਨ। ਸੋਨੀਆ ਮੁਤਾਬਕ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਖਿੱਤੇ ਵਿੱਚ ਟਕਰਾਅ ਨੂੰ ਵਧਾ ਰਹੇ ਹਨ। ਇਜ਼ਰਾਈਲ ਖੁਦ ਪ੍ਰਮਾਣੂ ਸ਼ਕਤੀ ਹੈ, ਪਰ ਈਰਾਨ ਕੋਲ ਪ੍ਰਮਾਣੂ ਹਥਿਆਰ ਨਾ ਹੋਣ ਦੇ ਬਾਵਜੂਦ ਉਸ ’ਤੇ ਹਮਲਾ ਕਰ ਰਿਹਾ ਹੈ। ਸੋਨੀਆ ਨੇ ਕਿਹਾ ਕਿ ਨੇਤਨਯਾਹੂ ਨੇ ਹੀ ਉਸ ਨਫਰਤ ਨੂੰ ਹਵਾ ਦਿੱਤੀ ਸੀ, ਜਿਸ ਦੇ ਚਲਦਿਆਂ 1995 ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਿਤਜ਼ਾਕ ਰਾਬਿਨ ਦੀ ਹੱਤਿਆ ਹੋਈ ਸੀ ਅਤੇ ਫਲਸਤੀਨੀਆਂ ਤੇ ਇਜ਼ਰਾਈਲੀਆਂ ਵਿਚਾਲੇ ਅਮਨ ਦੀ ਸਭ ਤੋਂ ਵੱਡੀ ਉਮੀਦ ਖਤਮ ਹੋ ਗਈ ਸੀ। ਨੇਤਨਯਾਹੂ ਦਾ ਟਰੈਕ ਰਿਕਾਰਡ ਦੱਸਦਾ ਹੈ ਕਿ ਉਹ ਗੱਲਬਾਤ ਨਹੀਂ ਚਾਹੁੰਦਾ, ਸਗੋਂ ਪੁਆੜੇ ਪਾਉਣਾ ਚਾਹੁੰਦਾ ਹੈ।


