ਲੁਧਿਆਣਾ (ਰੈਕਟਰ ਕਥੂਰੀਆ)
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਜੇਤੂ ਰਹੇ ਹਨ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਸਾਲ ਜਨਵਰੀ ਵਿੱਚ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
ਅਰੋੜਾ ਨੂੰ 35179 ਵੋਟਾਂ ਮਿਲੀਆਂ, ਜਦਕਿ ਆਸ਼ੂ ਨੂੰ 24542 ਵੋਟਾਂ ਪਈਆਂ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ 20323 ਵੋਟਾਂ ਲਈਆਂ।ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਾਏ ਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਪ੍ਰਾਪਤ ਹੋਈਆਂ।
ਜ਼ਿਕਰਯੋਗ ਹੈ ਕਿ ਇਸ ਸੀਟ ਲਈ 14 ਉਮੀਦਵਾਰ ਮੈਦਾਨ ਵਿੱਚ ਸਨ। ਅਨੂ ਨੂੰ 280 ਵੋਟਾਂ ਮਿਲੀਆਂ, ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਨੂੰ 173 ਵੋਟਾਂ, ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੂੰ 171 ਵੋਟਾਂ ਪ੍ਰਾਪਤ ਹੋਈਆਂ।ਆਜ਼ਾਦ ਉਮੀਦਵਾਰ ਨੀਟੂ ਨੂੰ 112, ਰੇਣੂ ਨੂੰ 108, ਬਲਦੇਵ ਰਾਜ ਕਤਨਾ ਦੇਬੀ ਨੂੰ 102, ਰਾਜੇਸ਼ ਸ਼ਰਮਾ ਨੂੰ 87, ਪਵਨਦੀਪ ਸਿੰਘ ਨੂੰ 37, ਇੰਜੀਨੀਅਰ ਪਰਮਜੀਤ ਸਿੰਘ ਭਰਾਜ ਨੂੰ 27 ਤੇ ਗੁਰਦੀਪ ਸਿੰਘ ਕਾਹਲੋਂ ਨੂੰ 21 ਵੋਟਾਂ ਪਈਆਂ।ਨੋਟਾ ਦਾ ਬਟਨ 793 ਲੋਕਾਂ ਨੇ ਦੱਬਿਆ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਹਾਲਾਂਕਿ ਜਿੱਤ ਨਹੀਂ ਸਕੀ, ਪਰ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਜੋ ਵੋਟਾਂ ਹਾਸਲ ਕੀਤੀਆਂ, ਉਹ ਕਾਬਿਲ-ਏ-ਤਾਰੀਫ ਹਨ। ਬਿੱਟੂ ਨੇ ਕਿਹਾ ਕਿ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮਿਲੀਆਂ 35,179 ਵੋਟਾਂ ਦੇ ਮੁਕਾਬਲੇ ਜੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਜੋੜ ਦੇਖਿਆ ਜਾਵੇ ਤਾਂ ਉਹ ਤਕਰੀਬਨ 52,000 ਦਾ ਅੰਕੜਾ ਪਾਰ ਕਰਦਾ ਹੈ ਜਿਸ ਤੋਂ ਸਾਫ ਸੰਕੇਤ ਦਿਖਾਈ ਦਿੰਦਾ ਹੈ ਕਿ ਲੋਕ ਅੱਜ ਵੀ ‘ਆਪ’ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ। ਇਹ ਨਤੀਜਾ ਸਾਫ ਦੱਸ ਰਿਹਾ ਹੈ ਕਿ ਲੋਕਾਂ ਨੇ ‘ਆਪ’ ਖਿਲਾਫ ਫਤਵਾ ਦਿੱਤਾ ਹੈ।
ਬਿੱਟੂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਕਿਹਾ ਕਿ ਭਾਜਪਾ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ 2027 ਵਿੱਚ ਪੂਰੀ ਤਾਕਤ ਨਾਲ ਪੰਜਾਬ ਵਿੱਚ ਵਾਪਸੀ ਕਰੇਗੀ।
‘ਆਪ’ ਉਮੀਦਵਾਰ ਇਤਾਲੀਆ ਗੋਪਾਲ ਨੇ ਗੁਜਰਾਤ ਦੇ ਵਿਸਾਵਦਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਗੋਪਾਲ ਨੇ ਭਾਜਪਾ ਦੇ ਕਿਰਿਤ ਪਟੇਲ ਨੂੰ 17554 ਵੋਟਾਂ ਨਾਲ ਹਰਾਇਆ। ਗੋਪਾਲ ਨੂੰ ਕੁੱਲ 75942 ਵੋਟਾਂ ਪਈਆਂ। ਪਟੇਲ 58388 ਵੋਟਾਂ ਨਾਲ ਦੂਜੇ ਜਦੋਂਕਿ ਕਾਂਗਰਸੀ ਉਮੀਦਵਾਰ ਨਿਤਿਨ ਰਣਪਾਰੀਆ 5501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। ਉਧਰ ਕਾਡੀ ਸੀਟ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਚਾਵੜਾ 39,452 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਰਾਜੇਂਦਰ ਚਾਵੜਾ ਨੂੰ 99742 ਵੋਟਾਂ ਪਈਆਂ ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਰਮੇਸ਼ਭਾਈ ਚਾਵੜਾ ਨੂੰ 60290 ਵੋਟਾਂ ਮਿਲੀਆਂ। ਅਨੁਸੂਚਿਤ ਜਾਤੀ (ਐੱਸ ਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ।
ਦੋ ਸੀਟਾਂ ’ਤੇ ਮਿਲੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਸੀਟਾਂ ’ਤੇ ਜਨਤਾ ਨੇ ਭਾਜਪਾ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਨ੍ਹਾ ਐਕਸ ’ਤੇ ਪੋਸਟ ’ਚ ਲਿਖਿਆ, ਗੁਜਰਾਤ ਦੀ ਵਿਸਾਵਦਰ ਅਤੇ ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ’ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਗੁਜਰਾਤ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਧਾਈ ਅਤੇ ਧੰਨਵਾਦ। ਦੋਵਾਂ ਥਾਵਾਂ ’ਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭੱਗ ਦੋ ਗੁਣਾ ਮਾਰਜਨ ਨਾਲ ਜਿੱਤ ਹੋਈ ਹੈ। ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾ ਨੇ 2022 ਤੋਂ ਵੀ ਜ਼ਿਆਦਾ ਵੋਟ ਦਿੱਤਾ ਹੈ। ਗੁਜਰਾਤ ਦੀ ਜਨਤਾ ਹੁਣ ਭਾਜਪਾ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ ਅਤੇ ਉਨ੍ਹਾ ਨੂੰ ਆਮ ਆਦਮੀ ਪਾਰਟੀ ’ਚ ਉਮੀਦ ਦਿਖਾਈ ਦੇ ਰਹੀ ਹੈ।





